ਚੰਡੀਗੜ੍ਹ ਦੇ ਪੀਜੀਆਈ ਵਿਚ ਇਲਾਜ਼ ਅਧੀਨ ਚੱਲ ਰਹੀ ਇਕ 6 ਮਹੀਨਿਆਂ ਦੀ ਬੱਚੀ ਨੂੰ ਕੋਰੋਨਾ ਹੋਣ ਦੀ ਖਬਰ ਮਿਲੀ ਹੈ ਜਿਸਤੋਂ ਬਾਅਦ ਫਗਵਾੜਾ,ਲੁਧਿਆਣਾ ਅਤੇ ਚੰਡੀਗੜ੍ਹ ਅਤੇ ਉਹਨਾਂ ਹਸਪਤਾਲਾਂ ਵਿਚ ਹੜਕੰਪ ਮੱਚ ਗਿਆ ਜਿਥੇ-ਜਿਥੇ ਇਸ ਲੜਕੀ ਨੂੰ ਇਲਾਜ਼ ਲਈ ਲਿਜਾਇਆ ਗਿਆ ਸੀ। ਦਰਅਸਲ 6 ਮਹੀਨਿਆਂ ਦੀ ਇਹ ਬੱਚੀ ਫਗਵਾੜਾ ਦੀ ਰਹਿਣ ਵਾਲੀ ਹੈ ਅਤੇ ਇਸਦੇ ਦਿਲ ਵਿਚ ਸੁਰਾਖ ਹੈ। ਜਦੋਂ ਇਸਨੂੰ ਇਲਾਜ਼ ਲਈ ਫਗਵਾੜਾ ਦੇ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਇਸਨੂੰ ਲੁਧਿਆਣਾ ਰੈਫਰ ਕਰ ਦਿਤਾ ਪਰ ਬਾਅਦ ਵਿਚ ਲੁਧਿਆਣਾ ਹਸਪਤਾਲ ਦੇ ਡਾਕਟਰਾਂ ਨੇ ਇਸ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਪੀਜੀਆਈ ਲਈ ਰੈਫਰ ਕਰ ਦਿਤਾ। ਇਹ ਬੱਚੀ ਪੀਜੀਆਈ ਦੇ ਬੱਚਿਆਂ ਵਾਲੇ ਵਾਰਡ ਵਿਚ ਵੀ ਕੁਝ ਦਿਨ ਇਲਾਜ਼ ਅਧੀਨ ਰਹੀ ਹੈ। ਜਦੋਂ ਪੀਜੀਆਈ ਦੇ ਡਾਕਟਰਾਂ ਨੇ ਇਸ ਲੜਕੀ ਦੇ ਦਿਲ ਦੇ ਸੁਰਾਖ ਦਾ ਇਲਾਜ਼ ਕਰਨ ਲਈ ਆਪਣੀ ਤਿਆਰੀ ਸ਼ੁਰੂ ਕੀਤੀ ਤਾਂ ਲੜਕੀ ਨੂੰ ਕੋਰੋਨਾ ਹੋਣ ਦਾ ਸ਼ੱਕ ਹੋਇਆ ਪਰ ਸ਼ੱਕ ਉਦੋਂ ਸੱਚ ਵਿਚ ਤਬਦੀਲ ਹੋ ਗਿਆ ਜਦੋਂ ਲੜਕੀ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆ ਗਈ। ਹੁਣ ਸਿਵਲ ਹਸਪਤਾਲ ਫਗਵਾੜਾ ਅਤੇ ਐਸਪੀ ਓਸਵਾਲ ਹਸਪਤਾਲ ਲੁਧਿਆਣਾ ਸਮੇਤ ਪੀਜੀਆਈ ਦੇ ਡਾਕਟਰ ਛਛੋਪੰਜ ਵਿਚ ਹਨ।ਫਿਲਹਾਲ ਪੀਜੀਆਈ ਦੇ 18 ਡਾਕਟਰਾਂ ਸਮੇਤ 54 ਮੈਡੀਕਲ ਸਟਾਫ ਮੈਂਬਰਾਂ ਨੂੰ ਏਕਾਂਤਵਾਸ ਕੀਤੇ ਜਾਣ ਦੀ ਖਬਰ ਹੈ।ਫਿਲਹਾਲ ਲੜਕੀ ਦੀ ਹਾਲਤ ਬਹੁਤੀ ਚੰਗੀ ਨਹੀਂ ਅਤੇ ਵੈਂਟੀਲੇਟਰ ਤੇ ਹੈ।