ਲੁਧਿਆਣਾ : ਪੀ.ਏ.ਯੂ. ਵਿੱਚ ਸਕੂਲ ਆਫ ਆਰਗੈਨਿਕ ਫਾਰਮਿੰਗ ਵੱਲੋਂ ਜ਼ਿਲਾ ਬਠਿੰਡਾ ਦੇ ਕਿਸਾਨਾਂ ਲਈ ਲਗਾਇਆ ਦੋ ਦਿਨਾਂ ਜੈਵਿਕ ਖੇਤੀ ਸਿਖਲਾਈ ਕੋਰਸ ਅੱਜ ਸੰਪੰਨ ਹੋਇਆ। ਬਠਿੰਡਾ ਜ਼ਿਲੇ ਦੇ ਇਸ ਕੋਰਸ ਵਿੱਚ ਸਿਖਲਾਈ ਲੈਣ ਵਾਲੇ ਕਿਸਾਨਾਂ ਦੀ ਚੋਣ ਐਚ ਪੀ ਸੀ ਐਲ ਮਿੱਤਲ ਫਾਊਂਡੇਸ਼ਨ ਬਠਿੰਡਾ ਵੱਲੋਂ ਕੀਤੀ ਗਈ। ਇਸ ਕੋਰਸ ਵਿੱਚ 35 ਕਿਸਾਨਾਂ ਨੇ ਭਾਗ ਲਿਆ।
ਜੈਵਿਕ ਖੇਤੀ ਸਕੂਲ ਪੀ.ਏ.ਯੂ. ਦੇ ਨਿਰਦੇਸ਼ਕ ਡਾ. ਚਰਨਜੀਤ ਸਿੰਘ ਔਲਖ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਦਾ ਉਦੇਸ਼ ਜੈਵਿਕ ਖੇਤੀ ਸੰਬੰਧੀ ਜਾਗਰੂਕਤਾ ਦਾ ਪਸਾਰ ਕਰਨਾ ਸੀ । ਉਹਨਾਂ ਇਹ ਵੀ ਦੱਸਿਆ ਕਿ ਐਚ ਪੀ ਸੀ ਐਲ ਮਿੱਤਲ ਫਾਊਂਡੇਸ਼ਨ ਬਠਿੰਡਾ ਇੱਕ ਗੈਰ ਮੁਨਾਫ਼ਾ ਊਰਜਾ ਸੰਸਥਾਨ ਹੈ ਜਿਸਨੇ ਇਹਨਾਂ ਕਿਸਾਨਾਂ ਦੀ ਚੋਣ ਮਿਆਰੀ ਭੋਜਨ ਉਤਪਾਦਾਂ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਉਦੇਸ਼ ਨਾਲ ਸਿਖਲਾਈ ਵਾਸਤੇ ਕੀਤੀ ਹੈ। ਡਾ. ਔਲਖ ਨੇ ਕਿਸਾਨਾਂ ਨੂੰ ਵਪਾਰੀਕਰਨ ਦੀਆਂ ਨੀਤੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਜੈਵਿਕ ਭੋਜਨ ਉਤਪਾਦ ਪੈਦਾ ਕਰਕੇ ਆਪਣੇ ਆਮਦਨ ਵਧਾਉਣ ਲਈ ਉਤਸ਼ਾਹਿਤ ਕੀਤਾ।
ਕੋਰਸ ਦੇ ਕੁਆਰਡੀਨੇਟਰ ਡਾ. ਅਮਨਦੀਪ ਸਿੰਘ ਸਿੱਧੂ ਨੇ ਜੈਵਿਕ ਮਿਆਰਾਂ ਸੰਬੰਧੀ ਕਿਸਾਨਾਂ ਨੂੰ ਸੁਚੇਤ ਕਰਦਿਆਂ ਫ਼ਸਲਾਂ ਦੀ ਜੈਵਿਕ ਕਾਸ਼ਤ ਅਤੇ ਉਹਨਾਂ ਦੇ ਸਰਟੀਫਿਕੇਸ਼ਨ ਸੰਬੰਧੀ ਨੁਕਤੇ ਸਮਝਾਏ।
ਇਸ ਮੌਕੇ ਡਾ. ਐਸ ਐਸ ਵਾਲੀਆ, ਡਾ. ਨੀਰਜ ਰਾਣੀ, ਡਾ. ਪਰਮਪ੍ਰੀਤ ਕੌਰ, ਡਾ. ਸੁਭਾਸ਼ ਸਿੰਘ, ਡਾ. ਕੇ ਐਸ ਭੁੱਲਰ, ਡਾ. ਮਨਮੋਹਨ ਢਕਾਲ ਅਤੇ ਡਾ. ਮਨੀਸ਼ਾ ਠਾਕੁਰ ਨੇ ਜੈਵਿਕ ਖੇਤੀ ਦੇ ਵੱਖ-ਵੱਖ ਪੱਖਾਂ ਸੰਬੰਧੀ ਭਾਸ਼ਣ ਦਿੱਤੇ। ਕਿਸਾਨਾਂ ਨੂੰ ਜੈਵਿਕ ਖੋਜ ਫਾਰਮ, ਹਰਬਲ ਫਾਰਮ, ਵਰਮੀ ਕੰਪੋਸਟ ਯੂਨਿਟ ਅਤੇ ਸੰਯੁਕਤ ਖੇਤੀ ਪ੍ਰਬੰਧ ਯੂਨਿਟ ਦਾ ਦੌਰਾ ਵੀ ਕਰਵਾਇਆ ਗਿਆ।
ਪੀ.ਏ.ਯੂ. ਵਿੱਚ ਜੈਵਿਕ ਖੇਤੀ ਬਾਰੇ ਲੱਗਿਆ ਸਿਖਲਾਈ ਕੋਰਸ
Leave a Comment
Leave a Comment