ਨਵਾਂਸ਼ਹਿਰ : ਜ਼ਿਲ੍ਹੇ ਦੇ ਪਹਿਲੇ ਕੋਵਿਡ-19 ਪਾਜ਼ਿਟਵ ਮਰੀਜ਼ ਸਵ. ਬਾਬਾ ਬਲਦੇਵ ਸਿੰਘ ਦੇ ਸੰਪਰਕ ’ਚ ਆਉਣ ਬਾਅਦ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਆਈਸੋਲੇਟਿਡ ਵਾਰਡ ’ਚ ਇਲਾਜ ਅਧੀਨ ਪਿੰਡ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਦਾ ਅੱਜ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਦਿਤਿਆ ਉੱਪਲ ਵੱਲੋਂ ਫ਼ੋਨ ’ਤੇ ਹਾਲ ਪੁੱਛਿਆ ਗਿਆ।
ਸਰਪੰਚ ਹਰਪਾਲ ਸਿੰਘ (49) ਨੇ ਦੱਸਿਆ ਕਿ ਅੰਮਿ੍ਤਧਾਰੀ ਹੋਣ ਕਾਰਨ ਉਹ ਆਪਣਾ ਸਮਾਂ ਗੁਰਬਾਣੀ ਦਾ ਜਾਪ ਅਤੇ ਰੇਡੀਓ ’ਤੇ ਗੁਰਬਾਣੀ ਸੁਣ ਕੇ ਬਤੀਤ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਉਹ ਆਪਣੀ ਸਿਹਤ ਦਾ ਖੁਦ ਵੀ ਪੂਰਾ ਧਿਆਨ ਰੱਖ ਰਿਹਾ ਹੈ। ਉਸ ਨੇ ਦੱਸਿਆ ਕਿ ਦਿਨ ’ਚ ਤਿੰਨ ਤੋਂ ਚਾਰ ਵਾਰ ਡਾਕਟਰ ਚੈਕਅਪ ਕਰਕੇ ਜਾਂਦੇ ਹਨ ਅਤੇ ਜਦੋਂ ਵੀ ਲੋੜ ਮਹਿਸੂਸ ਹੋਵੇ, ਮੈਡੀਕਲ ਸਟਾਫ਼ ਨੂੰ ਬੁਲਾ ਲੈਂਦੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਤਾ ਪ੍ਰੀਤਮ ਕੌਰ (75), ਜੋ ਕੁੱਝ ਦਿਨ ਪਹਿਲਾਂ ਪਾਜ਼ੇਟਿਵ ਆੲੇ, ਵੀ ਇੱਥੇ ਆਈਸੋਲੇਸ਼ਨ ਵਾਰਡ ’ਚ ਹਨ ਅਤੇ ਉਨ੍ਹਾਂ ਦੀ ਸਿਹਤ ਵੀ ਬਿਲਕੁਲ ਠੀਕ ਹੈ। ਉਹ ਵੀ ਅੰਮਿ੍ਤਧਾਰੀ ਹਨ ਅਤੇ ਨਿਤਨੇਮ ਨਾਲ ਆਪਣਾ ਸਮਾਂ ਬਤੀਤ ਕਰਦੇ ਹਨ। ਹਰਪਾਲ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਇੱਥੇ ਹੋਰ ਕੋਈ ਮੁਸ਼ਕਿਲ ਨਹੀਂ ਪਰ ਸੈਰ ਲਈ ਨਾ ਜਾ ਸਕਣ ਕਾਰਨ ਤੇਜ਼ਾਬ ਦੀ ਸਮੱਸਿਆ ਆਉਂਦੀ ਹੈ, ਜਿਸ ਲਈ ਡਾਕਟਰਾਂ ਵੱਲੋਂ ਦਵਾਈ ਦੇ ਦਿੱਤੀ ਜਾਂਦੀ ਹੈ। ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਲਈ ਤਿੰਨ ਟਾਈਮ ਵਧੀਆ ਖਾਣੇ ਦਾ ਪ੍ਰਬੰਧ ਕਰਨ, ਦੋ ਟਾਈਮ ਚਾਹ ਅਤੇ ਲੋੜ ਪੈਣ ’ਤੇ ਦਲੀਆ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿਨ ’ਚ ਇੱਕ ਤੋਂ ਦੋ ਵਾਰ ਗ੍ਰੀਨ ਜਾਂ ਤੁਲਸੀ ਟੀ ਵੀ ਪੀ ਲੈਂਦਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਉਸ ਨੂੰ ਇਹ ਜਾਣੂ ਕਰਵਾਏ ਜਾਣ ’ਤੇ ਕਿ ਉਸ ਦੇ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਟੈਸਟ ਨੈਗੇਟਿਵ ਆ ਰਹੇ ਹਨ ਤਾਂ ਉਸ ਨੇ ਖੁਸ਼ੀ ਜ਼ਾਹਿਰ ਕੀਤੀ।
ਜ਼ਿਕਰਯੋਗ ਹੈ ਕਿ ਸਰਪੰਚ ਹਰਪਾਲ ਸਿੰਘ ਦਾ 20 ਮਾਰਚ ਨੂੰ ਸੈਂਪਲ ਲਿਆ ਗਿਆ ਸੀ ਅਤੇ 22 ਮਾਰਚ ਨੂੰ ਇੱਥੇ ਲਿਆਂਦਾ ਗਿਆ ਸੀ। ਉਸ ਦਾ ਅਗਲਾ ਸੈਂਪਲ 14 ਦਿਨ ਬਾਅਦ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਲਿਆ ਜਾਵੇਗਾ।
ਉਸ ਨੇ ਦੱਸਿਆ ਕਿ ਉਸ ਨੂੰ ਸਿਵਲ ਹਸਪਤਾਲ ਵਿਖੇ ਕੋਈ ਮੁਸ਼ਕਿਲ ਨਹੀਂ ਅਤੇ ਅਟੈਂਡ ਕਰਨ ਵਾਲੇ ਡਾਕਟਰਾਂ ਦਾ ਵਤੀਰਾ ਬੜਾ ਹਮਦਰਦੀ ਭਰਿਆ ਹੈ। ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਉਨ੍ਹਾਂ ਨੂੰ ਸਮੇਂ ਸਿਰ ਸੰਭਾਲਣ ਲਈ ਵੀ ਧੰਨਵਾਦ ਕੀਤਾ।
ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਦਾ ਡਿਪਟੀ ਕਮਿਸ਼ਨਰ ਨੇ ਫ਼ੋਨ ’ਤੇ ਪੁੱਛਿਆ ਹਾਲ
Leave a Comment
Leave a Comment