ਬੰਗਾ: (ਅਵਤਾਰ ਸਿੰਘ) : ਦੋਆਬਾ ਖੇਤਰ ਜਿਸ ਨੂੰ ਪ੍ਰਵਾਸੀ ਪੰਜਾਬੀਆਂ ਦੇ ਪਿਛੋਕੜ ਦੇ ਗੜ੍ਹ ਵਜੋਂ ਵੀ ਜਾਣਿਆ ਜਾਂਦਾ ਹੈ। ਇਥੋਂ ਦੇ ਲੋਕ ਆਪਣਾ ਹਰ ਸ਼ਗਨ ਗਜ ਵੱਜ ਕੇ ਮਨਾਉਂਦੇ ਹਨ। ਇਨ੍ਹਾਂ ਦੇ ਜਸ਼ਨਾਂ ਤੇ ਸਾਦਗੀ ਦੀਆ ਕੁੱਲ ਜਹਾਨ ਵਿਚ ਧੁਮਾਂ ਪਈਆਂ ਹੋਈਆਂ ਹਨ। ਇਥੋਂ ਦੇ ਪ੍ਰਵਾਸੀ ਪੰਜਾਬੀ ਰਹਿੰਦੇ ਭਾਵੇਂ ਵਿਦੇਸ਼ਾਂ ਵਿੱਚ ਹਨ ਪਰ ਬਹੁਤਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀਆਂ ਖੁਸ਼ੀਆਂ ਆਪਣੇ ਪਿੰਡਾਂ ਵਿਚ ਹੀ ਆ ਕੇ ਸਾਂਝੀਆਂ ਕੀਤੀਆਂ ਜਾਣ। ਪਰ ਹੁਣ ਕੋਰੋਨਾ ਵਾਇਰਸ ਕਾਰਨ ਇਥੇ ਸਾਦੇ ਵਿਆਹ ਹੋਣੇ ਸ਼ੁਰੂ ਹੋ ਗਏ ਹਨ।
ਨਵਾਂ ਸ਼ਹਿਰ ਨੇੜੇ ਬੰਗਾ ਦੇ ਹਨੀਸ਼ ਅਤੇ ਆਦਮਪੁਰ ਦੀ ਰੀਤਿਕਾ ਨੇ ਸਾਦਾ ਵਿਆਹ ਰਚਾ ਕੇ ਇੱਕ ਦੂਜੇ ਦੇ ਹੋ ਗਏ ਹਨ। ਇਸ ਜੋੜੀ ਦੇ ਬੰਗਾ ਪੁੱਜਣ ‘ਤੇ ਪਰਿਵਾਰ ਵਲੋਂ ਗੁਲਦਸਤੇ ਦੇ ਕੇ ਹੀ ਸਵਾਗਤ ਕੀਤਾ ਗਿਆ। ਇਸ ਮੌਕੇ ਗਲੀ ਮੁਹੱਲੇ ‘ਚ ਲੱਡੂ ਵੰਡਣ ਦੀ ਥਾਂ ਉਨ੍ਹਾਂ ਨੂੰ ਮਾਸਕ ਅਤੇ ਸੈਨੀਟਾਇਜ਼ਰ ਵੰਡਣ ਦੀ ਰਸਮ ਅਦਾ ਕੀਤੀ ਗਈ।
ਲਾੜੇ ਹਨੀਸ਼ ਨੇ ਦੱਸਿਆ ਕਿ ਉਹ ਪੁਰਤਗਾਲ ਰਹਿੰਦਾ ਹੈ ਤੇ ਉਸ ਦੀ ਕੈਨੇਡਾ ਵਾਸੀ ਰੀਤਿਕਾ ਨਾਲ ਕੁਝ ਸਮਾਂ ਪਹਿਲਾਂ ਹੀ ਜਾਣ ਪਛਾਣ ਹੋਈ ਸੀ। ਦੋਵਾਂ ਦੇ ਵਿਚਾਰ ਇਸ ਕਦਰ ਮਿਲੇ ਕਿ ਇਹ ਮਿਲਾਪ ਵਿਆਹ ਦੇ ਰੂਪ ‘ਚ ਸਿਰੇ ਚੜ੍ਹ ਗਿਆ। ਰੀਤਿਕਾ ਨੇ ਦੱਸਿਆ ਕਿ ਹਨੀਸ਼ ਵਲੋਂ ਆਪਣੀ ਸੋਚ ਵਾਂਗ ਹਕੀਕਤ ‘ਚ ਵੀ ਕਿਸੇ ਕਿਸਮ ਦੇ ਰਸਮ ਰਿਵਾਜ ਨਾ ਕਰਨਾ ਵਧੀਆ ਲੱਗਾ। ਦੱਸਣਯੋਗ ਹੈ ਕਿ ਰੀਤਿਕਾ ਦੇ ਪਿਤਾ ਨਰਿੰਦਰ ਬੰਗੜ ਤੇ ਹਨੀਸ਼ ਦੇ ਪਿਤਾ ਵਿਜੈ ਕਲਸੀ ਵੀ ਬੈਂਕ ਅਧਿਕਾਰੀ ਹਨ। ਬੱਚਿਆਂ ਦੇ ਦੱਸਣ ਤੋਂ ਬਾਅਦ ਦੋਵਾਂ ਦੀ ਵੀ ਆਪਸੀ ਅਗਾਂਊਂ ਜਾਣ ਪਛਾਣ ਨਿਕਲ ਆਈ। ਹਨੀਸ਼ ਦੇ ਮਾਤਾ ਨਰਿੰਦਰ ਕੌਰ ਨੇ ਕਿਹਾ ਕਿ ਰੀਤਿਕਾ ਉਨ੍ਹਾਂ ਲਈ ਧੀ ਤੋਂ ਵੀ ਵੱਧ ਹੈ। ਉਨ੍ਹਾਂ ਕਿਹਾ ਕਿ ਗ੍ਰਹਿਸਥੀ ਜੀਵਨ ‘ਚ ਚੀਜ਼ਾਂ ਦੇ ਦਾਜ ਦੀ ਥਾਂ ਗੁਣਾ ਤੇ ਵਿਵਹਾਰ ਦਾ ਦਾਜ ਵੱਧ ਅਹਿਮੀਅਤ ਰੱਖਦਾ ਹੈ। ਹਨੀਸ਼ ਅਤੇ ਰੀਤਿਕਾ ਦੇ ਸਾਦੇ ਵਿਆਹ ਦੀ ਇਲਾਕੇ ਵਿੱਚ ਕਾਫੀ ਚਰਚਾ ਹੈ।