ਚੰਡੀਗੜ੍ਹ, (ਅਵਤਾਰ ਸਿੰਘ): ਇੱਕ ਪ੍ਰਭਾਵਸ਼ਾਲੀ ਇਕੱਤਰਤਾ ਦੌਰਾਨ ਅੰਮਿ੍ਤਸਰ ਵਿਕਾਸ ਮੰਚ ਵੱਲੋਂ ਗੁਰੂ ਨਗਰੀ ਵਿੱਚ ਜਾਏ ਅਮਰੀਕੀ ਨਾਗਰਿਕ ਡਾ.ਗੁਰਿੰਦਰਪਾਲ ਸਿੰਘ ਜੋਸਨ ਦੁਆਰਾ ਰਚਿਤ ਇਤਿਹਾਸਕ ਪੁਸਤਕ “ਭਾਈ ਜੋਗਾ ਸਿੰਘ” ਤੇ ਵਿਚਾਰ ਚਰਚਾ ਉਪਰੰਤ ਇਤਿਹਾਸਕ ਪੁਸਤਕਾਂ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਲਈ ਜਾਰੀ ਕਰ ਦਿੱਤੀ। ਪੁਸਤਕ ਦੇ ਵਿਸ਼ਾ ਵਸਤੂ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਸਰਪ੍ਰਸਤ ਅੰਮ੍ਰਿਤਸਰ ਵਿਕਾਸ ਮੰਚ ਨੇ ਦੱਸਿਆ ਕਿ ਇਸ ਪੁਸਤਕ ਦਾ ਨਾਇਕ ਗੁਰੂ-ਘਰ ਦਾ ਅਨਿਨ ਸੇਵਕ ਅਤੇ ਗੁਰੂ ਸਾਹਿਬਾਨ ਦੀ ਗੁਰ-ਸਿੱਖਿਆ ਨੂੰ ਪਰਨਾਇਆ ਭਾਈ ਜੋਗਾ ਸਿੰਘ ਹੈ। ਭਾਈ ਜੋਗਾ ਸਿੰਘ ਦਾ ਜਨਮ ਸੰਨ 1685 ਵਿੱਚ ਪਿਸ਼ਾਵਰ ਸ਼ਹਿਰ ਦੇ ਆਸੀਆ ਖੇਤਰ ਦੇ ਮੁਹੱਲਾ ਰਾਮਦਾਸ ਵਿਖੇ ਭਾਈ ਗੁਰਮੁੱਖ ਦੇ ਗ੍ਰਹਿ ਵਿਖੇ ਹੋਇਆ। ਸੰਨ 1694 ਵਿੱਚ ਭਾਈ ਗੁਰਮੁੱਖ ਜੀ ਪਰਿਵਾਰ ਸਮੇਤ ਦਸਮੇਸ਼ ਪਿਤਾ ਜੀ ਦੀ ਚਰਨ ਬੰਦਨਾ ਲਈ ਆਨੰਦਪੁਰ ਸਾਹਿਬ ਵਿਖੇ ਹਾਜ਼ਰ ਹੋਇਆ। ਜਦੋਂ ਬਾਲਕ ਜੋਗਾ ਨੇ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖ ਕੇ ਨਮਸਕਾਰ ਕੀਤੀ ਤਾਂ ਗੁਰਦੇਵ ਪਿਤਾ ਨੇ ਪੁੱਛਿਆ,”ਬਾਲਕ,ਤੇਰਾ ਨਾਮ ਕੀ ਹੈ?”ਤਾਂ ਬਾਲਕ ਨੇ ਉੱਤਰ ਦਿੱਤਾ,”ਜੀ, ਜੋਗਾ”। ਗੁਰੂ ਜੀ ਨੇ ਪੁੱਛਿਆ,”ਕਿਸ ਜੋਗਾ”। ਬਾਲਕ ਨੇ ਉੱਤਰ ਦਿੱਤਾ,”ਜੀ, ਗੁਰੂ ਜੋਗਾ”। ਗੁਰੂ ਜੀ ਬਹੁਤ ਖੁਸ਼ ਹੋਏ ਤੇ ਕਿਹਾ,”ਜੋਗਿਆ,ਜੇ ਤੂੰ ਗੁਰੂ ਜੋਗਾ ਤਾਂ ਗੁਰੂ ਤੇਰੇ ਜੋਗਾ”।
ਭਾਈ ਜੋਗਾ ਸਿੰਘ ਨੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਆਨੰਦਪੁਰ ਸਾਹਿਬ ਵਿਖੇ ਆਪਜੀ ਨੇ ਘੋੜਸਵਾਰੀ,ਤੀਰ ਅੰਦਾਜੀ, ਤਲਵਾਰ- ਬਾਜ਼ੀ ਦੇ ਨਾਲ ਨਾਲ ਗੁਰਮੁੱਖੀ, ਫਾਰਸੀ ਆਦਿ ਭਾਸ਼ਾਵਾਂ ਅਤੇ ਗੁਰੂ-ਗਿਆਨ ਹਾਸਲ ਕੀਤਾ।
14-15 ਮਾਰਚ 1701 ਨੂੰ ਨਿਰਧਾਰਤ ਆਪਣੇ ਆਨੰਦ-ਕਾਰਜ ਦੇ ਸਬੰਧ ਵਿੱਚ ਭਾਈ ਸਾਹਿਬ ਪਿਸ਼ਾਵਰ ਪਹੁੰਚੇ। ਪਹਿਲੀ ਲਾਂਵ ਦਾ ਪਾਠ ਭਾਈ ਜੀ ਨੇ ਪੂਰਾ ਹੀ ਕੀਤਾ ਸੀ ਕਿ ਦੋ ਗੁਰਮੁੱਖਾਂ ਨੇ ਭਾਈ ਜੋਗਾ ਸਿੰਘ ਦੇ ਹੱਥ ਗੁਰੂ ਗੋਬਿੰਦ ਜੀ ਦਾ ਹਦਾਇਤ-ਨਾਮਾ ਫੜਾਇਆ , ਜਿਸ ਵਿੱਚ ਹਦਾਇਤ ਕੀਤੀ ਗਈ ਸੀ ਕਿ ਪੱਤਰ ਵੇਖਦਿਆਂ ਹੀ ਆਨੰਦਪੁਰ ਸਾਹਿਬ ਨੂੰ ਚਲ ਪਓ। ਆਗਿਆਕਾਰੀ ਸਿੱਖ ਹੋਣ ਦੇ ਨਾਤੇ ਭਾਈ ਸਾਹਿਬ ਵਿਆਹ ਦੀਆਂ ਰਸਮਾਂ ਵਿੱਚੇ ਛੱਡ ਕੇ ਸਾਥੀ ਸਿੰਘਾਂ ਨਾਲ ਆਨੰਦਪੁਰ ਸਾਹਿਬ ਨੂੰ ਚੱਲ ਪਿਆ।ਵਿਆਹ ਦੀਆਂ ਬਾਕੀ ਰਸਮਾਂ ਭਾਈ ਜੋਗਾ ਸਿੰਘ ਦੀ ਕਿਰਪਾਨ ਅਤੇ ਕਮਰਕੱਸੇ ਨਾਲ ਪੂਰੀਆਂ ਕੀਤੀਆਂ ਗਈਆਂ। ਹੁਸ਼ਿਆਰਪੁਰ ਪਹੁੰਚਣ ਤੇ ਭਾਈ ਜੋਗਾ ਸਿੰਘ ਨੂੰ ਇੱਕ ਖੂਬਸੂਰਤ ਵੇਸਵਾ ਨੇ ਆਪਣੇ ਭਰਮ-ਜਾਲ ਵਿੱਚ ਫਸਾਉਣ ਲਈ ਆਪਣੇ ਪਾਸ ਆਉਣ ਦਾ ਇਸ਼ਾਰਾ ਕੀਤਾ।ਜੋਗਾ ਸਿੰਘ ਕੁਝ ਪਲਾਂ ਲਈ ਤਾਂ ਡੋਲ ਗਿਆ, ਪ੍ਰੰਤੂ ਸਾਥੀ ਸਿੰਘਾਂ ਤੇ ਗੁਰਦੇਵ ਜੀ ਦੀ ਗੁਰ-ਸਿੱਖਿਆ, ਜੋਗਾ ਸਿੰਘ ਨੂੰ ਸਿਦਕ ਤੇ ਕਾਇਮ ਰੱਖਣ ਵਿੱਚ ਸਹਾਈ ਹੋਏ। ਸਵੇਰ ਦੇ ਦੀਵਾਨ ਵਿੱਚ ਭਾਈ ਜੋਗਾ ਸਿੰਘ ਨੇ ਗੁਰਦੇਵ ਜੀ ਦੇ ਚਰਨਾਂ ਤੇ ਸੀਸ ਟਿਕਾ ਕੇ ਖਿਮਾ-ਯਾਚਨਾ ਕੀਤੀ।ਬਖਸਿੰਦ ਗੁਰਦੇਵ ਜੀ ਨੇ ਭਾਈ ਸਾਹਿਬ ਦੀ ਅਰਜ਼ੋਈ ਪ੍ਰਵਾਨ ਕਰਕੇ ਉਸ ਨੂੰ ਪਿਸ਼ਾਵਰ ਦੇ ਇਲਾਕੇ ਵਿੱਚ ਸਿੱਖੀ ਪ੍ਰਚਾਰ ਦੀ ਸੇਵਾ ਬਖਸ਼ੀ,ਜੋ ਆਪਜੀ ਨੇ ਪੂਰੇ ਸਿਦਕ ਨਾਲ ਨਿਭਾਈ।
ਡਾ.ਗੁਰਿੰਦਰਪਾਲ ਸਿੰਘ ਜੋਸਨ ਨੇ ਪੁਸਤਕ ਦੀ ਰਚਨਾ ਲਈ ਭਰੋਸੇਯੋਗ ਸਮੱਗਰੀ ਅਤੇ ਭਾਈ ਜੋਗਾ ਸਿੰਘ ਨਾਲ ਸਬੰਧਿਤ ਗੁਰਦਵਾਰਾ ਸਾਹਿਬ ਦੀਆਂ ਖ਼ੁਦ ਤਸਵੀਰਾਂ ਲੈਣ ਲਈ ਪਿਸ਼ਾਵਰ, ਹੁਸ਼ਿਆਰਪੁਰ, ਮੁੰਬਈ ਆਦਿ ਸ਼ਹਿਰਾਂ ਦੀ ਕੀਤੀ ਯਾਤਰਾ ਦਾ ਵਿਸਥਾਰ ਦੱਸਿਆ।ਸ੍ਰ.ਮਨਮੋਹਣ ਸਿੰਘ ਬਰਾੜ,ਪ੍ਰਧਾਨ ਅੰਮ੍ਰਿਤਸਰ ਵਿਕਾਸ ਮੰਚ ਅਤੇ ਡਾ.ਚਰਨਜੀਤ ਸਿੰਘ ਗੁਮਟਾਲਾ ਸਰਪ੍ਰਸਤ ਨੇ ਡਾ.ਜੋਸਨ ਦੇ ਉੱਦਮ ਨੂੰ ਸਲਾਹਿਆ ਤੇ ਭਵਿੱਖ ਵਿੱਚ ਵੀ ਸਿੱਖ ਇਤਿਹਾਸ ਦੀ ਜਾਣਕਾਰੀ ਪਾਠਕਾਂ ਨੂੰ ਪ੍ਰਦਾਨ ਕਰਨ ਲਈ ਆਪਣੇ ਯਤਨ ਜਾਰੀ ਰੱਖਣ ਲਈ ਪ੍ਰੇਰਨਾ ਦਿੱਤੀ।