ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਨੇ ਪੀ.ਏ.ਯੂ. ਦੇ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਇਨਾਮ ਵੰਡੇ

TeamGlobalPunjab
3 Min Read

ਲੁਧਿਆਣਾ : ਪੀ.ਏ.ਯੂ. ਵਿਖੇ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ. ਗੁਰਦੇਵ ਸਿੰਘ ਖੁਸ਼ ਫਾਊਡੇਸ਼ਨ ਦਾ ਇਨਾਮ ਵੰਡ ਸਮਾਰੋਹ ਹੋਇਆ। ਵਿਗਿਆਨਕ ਖੇਤੀ ਵਿੱਚ ਅਕਾਦਮਿਕਤਾ ਦੇ ਵਾਧੇ ਅਤੇ ਵਿਕਾਸ ਦੇ ਉਦੇਸ਼ ਨਾਲ ਕਰਵਾਏ ਗਏ ਇਸ ਇਨਾਮ ਵੰਡ ਸਮਾਰੋਹ ਵਿੱਚ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਦੇਵ ਸਿੰਘ ਖੁਸ਼, ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਐਸ ਐਸ ਜੌਹਲ ਅਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਫਾਊਂਡੇਸ਼ਨ ਦੇ ਮੈਂਬਰਾਂ ਨੇ ਪੀ.ਏ.ਯੂ. ਅਤੇ ਗਡਵਾਸੂ ਦੇ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਅਤੇ ਯਾਤਰਾ ਫੰਡ ਪ੍ਰਦਾਨ ਕੀਤੇ।

ਇਸ ਇਨਾਮ ਵੰਡ ਸਮਾਗਮ ਨੂੰ ਇਸ ਵਾਰੀ ਫਾਊਂਡੇਸ਼ਨ ਦੇ ਮੈਂਬਰ ਅਤੇ ਉਘੇ ਖੇਤੀ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਹੋਰਾਂ ਦੀ ਮੌਤ ਦੇ ਸੋਗ ਅਤੇ ਕੋਰੋਨਾ ਵਾਇਰਸ ਸੰਬੰਧੀ ਸੁਰੱਖਿਆ ਹਦਾਇਤਾਂ ਦੇ ਮੱਦੇਨਜ਼ਰ ਸੰਖੇਪ ਰੱਖਿਆ ਗਿਆ।

ਡਾ. ਗੁਰਦੇਵ ਸਿੰਘ ਖੁਸ਼ ਹੋਰਾਂ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਟਿੱਪਣੀ ਵਿੱਚ ਡਾ. ਦਰਸ਼ਨ ਸਿੰਘ ਬਰਾੜ ਹੋਰਾਂ ਨਾਲ ਸਾਂਝ ਦੇ ਪਲਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਕਰਦਿਆਂ ਉਹਨਾਂ ਨੂੰ ਸ਼ਾਨਦਾਰ ਮਨੁੱਖ ਕਿਹਾ। ਉਹਨਾਂ ਕਿਹਾ ਕਿ ਡਾ. ਬਰਾੜ ਦੇ ਜਾਣ ਨਾਲ ਖੇਤੀ ਸੰਸਾਰ ਉਚ ਕੋਟੀ ਦੇ ਵਿਗਿਆਨੀ ਤੋਂ ਵਾਂਝਾ ਹੋ ਗਿਆ ਹੈ। ਡਾ. ਖੁਸ਼ ਨੇ ਪੀ.ਏ.ਯੂ. ਦੇ ਵਾਈਸ ਚਾਂਸਲਰ ਦਾ ਫਾਊਂਡੇਸ਼ਨ ਦੀਆਂ ਗਤੀਵਿਧੀਆਂ ਜਾਰੀ ਰੱਖਣ ਲਈ ਧੰਨਵਾਦ ਕੀਤਾ।

ਡਾ. ਜੌਹਲ ਨੇ ਡਾ. ਖੁਸ਼ ਫਾਊਡੇਸ਼ਨ ਦੀ ਨਿਸਵਾਰਥ ਭਾਵਨਾ ਨਾਲ ਕੀਤੀ ਜਾ ਰਹੀ ਘਾਲਣਾ ਦੀ ਪ੍ਰਸ਼ੰਸ਼ਾ ਕੀਤੀ । ਉਹਨਾਂ ਕਿਹਾ ਕਿ ਜਦੋਂ ਸੰਸਾਰ ਵਸਤੂਆਂ ਇਕੱਠੀਆਂ ਕਰ ਰਿਹਾ ਹੈ ਡਾ. ਖੁਸ਼ ਹੋਰਾਂ ਦੀ ਫਾਊਡੇਸ਼ਨ ਆਪਣੀਆਂ ਜੜ ਨਾਲ ਜੁੜ ਕੇ ਵਿਗਿਆਨਕ ਚੇਤਨਾ ਦੇ ਪਸਾਰ ਦਾ ਵੱਡਮੁੱਲਾ ਕੰਮ ਕਰ ਰਹੀ ਹੈ। ਡਾ. ਜੌਹਲ ਨੇ ਡਾ. ਦਰਸ਼ਨ ਸਿੰਘ ਬਰਾੜ ਨੂੰ ਯਾਦ ਕਰਦਿਆਂ ਉਹਨਾਂ ਨੂੰ ਵੱਖਰੀਆਂ ਪੈੜਾਂ ਪਾਉਣ ਵਾਲੇ ਮਿਹਨਤੀ ਵਿਗਿਆਨੀ ਕਿਹਾ।

ਵਾਈਸ ਚਾਂਸਲਰ ਡਾ. ਢਿੱਲੋਂ ਨੇ ਵੀ ਆਪਣੀ ਟਿੱਪਣੀ ਦੀ ਸ਼ੁਰੂਆਤ ਡਾ. ਬਰਾੜ ਨੂੰ ਭਾਵਪੂਰਤ ਸ਼ਰਧਾਂਜਲੀ ਨਾਲ ਕੀਤੀ। ਉਹਨਾਂ ਨੇ ਨੌਜਵਾਨ ਵਿਗਿਆਨੀਆਂ ਨੂੰ ਆਪਣੇ ਖੇਤਰ ਵਿੱਚ ਸਿਖਰਾਂ ਛੋਹਣ ਵਾਲੇ ਵਿਗਿਆਨੀਆਂ ਕੋਲੋਂ ਪ੍ਰੇਰਨਾ ਹਾਸਲ ਕਰਨ ਲਈ ਕਿਹਾ। ਡਾ. ਖੁਸ਼ ਵੱਲੋਂ ਫਾਊਡੇਸ਼ਨ ਦੇ ਕਾਰਜਾਂ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਇਹ ਕਾਰਵਾਈ ਭਵਿੱਖ ਲਈ ਚੰਗੇ ਖੇਤੀ ਵਿਗਿਆਨੀ ਪੈਦਾ ਕਰੇਗੀ।


ਇੱਥੇ ਜ਼ਿਕਰਯੋਗ ਹੈ ਕਿ ਡਾ. ਖੁਸ਼ ਫਾਊਡੇਸ਼ਨ ਖੇਤੀ ਖੇਤਰ ਵਿੱਚ ਕੰਮ ਕਰਨ ਵਾਲੇ ਵਿਦਿਆਰਥੀਆਂ ਲਈ ਭਾਰਤ ਅਤੇ ਵਿਦੇਸ਼ ਵਿੱਚ ਹੋਣ ਵਾਲੀਆਂ ਕਾਨਫਰੰਸਾਂ ਵਿੱਚ ਭਾਗ ਲੈਣ ਹਿਤ 19 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਨੌਜਵਾਨ ਵਿਗਿਆਨੀਆਂ ਨੂੰ ਵਿਤੀ ਸਹਾਇਤਾ ਪ੍ਰਦਾਨ ਕਰਦੀ ਹੈ । ਇਸ ਤੋਂ ਇਲਾਵਾ ਪੀ.ਏ.ਯੂ. ਦੇ ਪੰਜ ਸੰਬੰਧਿਤ ਕਾਲਜਾਂ ਦੇ ਕੁੱਲ 55 ਵਿਦਿਆਰਥੀ ਅਤੇ ਗਡਵਾਸੂ ਦੇ 17 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ । ਇਹ ਸਾਰੇ ਇਨਾਮ ਪੇਂਡੂ ਖੇਤਰਾਂ ਵਿੱਚੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਗਏ ਅਤੇ ਹਰ ਵਿਦਿਆਰਥੀ ਨੂੰ 14,400 ਰੁਪਏ ਪ੍ਰਤੀ ਸਾਲ ਵਜ਼ੀਫਾ ਅਤੇ ਮੈਰਿਟ ਪ੍ਰਮਾਣ ਪੱਤਰ ਦਿੱਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਬਾਰੇ ਸੁਰੱਖਿਆ ਹਦਾਇਤਾਂ ਦੇ ਮੱਦੇਨਜ਼ਰ ਇਨਾਮ ਜੇਤੂ ਵਿਦਿਆਰਥੀਆਂ ਨੇ ਵਿਸ਼ੇਸ਼ ਹਦਾਇਤਾਂ ਨੂੰ ਧਿਆਨ ‘ਚ ਰੱਖਦਿਆਂ ਵਾਈਸ ਚਾਂਸਲਰ ਦੇ ਕਮੇਟੀ ਰੂਮ ਵਿੱਚੋਂ ਇੱਕ-ਇੱਕ ਕਰਕੇ ਆਪਣਾ ਇਨਾਮ ਗ੍ਰਹਿਣ ਕੀਤਾ।

Share This Article
Leave a Comment