ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਫਲੌਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਸਲਾਨਾ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਫਲਾਵਰ ਸ਼ੋਅ 4-5 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਕੇ ਕੇ ਢੱਟ ਨੇ ਦੱਸਿਆ ਕਿ ਇਸ ਫਲਾਵਰ ਸ਼ੋਅ ਦਾ ਉਦਘਾਟਨ 4 ਮਾਰਚ ਨੂੰ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਕਰਨਗੇ ਜਦਕਿ 5 ਮਾਰਚ ਨੂੰ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਜਾਣਗੇ। ਉਹਨਾਂ ਇਹ ਵੀ ਦੱਸਿਆ ਕਿ ਵੱਖ-ਵੱਖ ਫੁੱਲਾਂ ਦੇ ਮੁਕਾਬਲਿਆਂ ਵਿੱਚ ਨਿੱਜੀ ਫੁੱਲ ਪ੍ਰੇਮੀ ਅਤੇ ਸੰਸਥਾਵਾਂ ਭਾਗ ਲੈ ਸਕਦੀਆਂ ਹਨ। ਇਸ ਤੋਂ ਇਲਾਵਾ ਵਪਾਰਕ, ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਵਾਂ ਅਤੇ ਨਰਸਰੀਆਂ ਵੀ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਯੋਗ ਹਨ। ਤਾਜ਼ੇ ਅਤੇ ਸੁੱਕੇ ਫੁੱਲਾਂ ਦੀ ਸਜਾਵਟ, ਮੌਸਮੀ ਫੁੱਲ, ਬੋਨਜ਼ਾਈ ਅਤੇ ਕਟ ਫਲਾਵਰ ਆਦਿ ਵਰਗਾਂ ਵਿੱਚ ਮੁਕਾਬਲੇ ਹੋਣਗੇ। ਇਹ ਫਲਾਵਰ ਸ਼ੋਅ ਆਮ ਲੋਕਾਂ ਲਈ ਖੁੱਲੇ ਦਾਖਲੇ ਵਾਲਾ ਹੋਵੇਗਾ। ਡਾ. ਢੱਟ ਨੇ ਫੁੱਲ ਪ੍ਰੇਮੀਆਂ ਨੂੰ ਇਸ ਸ਼ੋਅ ਅਤੇ ਇਹਨਾਂ ਮੁਕਾਬਲਿਆਂ ਵਿੱਚ ਭਰਪੂਰ ਰੂਪ ਵਿੱਚ ਸ਼ਿਰਕਤ ਕਰਨ ਲਈ ਅਪੀਲ ਕੀਤੀ। ਇਸ ਸੰਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਵਿਭਾਗ ਦੇ ਮਾਹਿਰ ਡਾ. ਰਣਜੀਤ ਸਿੰਘ ਨਾਲ ਫੋਨ ਨੰਬਰ 94631-40872 ਤੇ ਸੰਪਰਕ ਕੀਤਾ ਜਾ ਸਕਦਾ ਹੈ।