ਲੁਧਿਆਣਾ: ਸੌ ਸਾਲ ਦੀ ਉਮਰ ਹੰਢਾ ਕੇ ਸਾਨੂੰ ਪਹਿਲੀ ਫਰਵਰੀ ਨੂੰ ਸਦੀਵੀ ਵਿਛੋੜਾ ਦੇਣ ਵਾਲੇ ਸਿਰਮੌਰ ਨਾਵਲਕਾਰ ਸ: ਜਸਵੰਤ ਸਿੰਘ ਕੰਵਲ ਦੇ ਤਿੰਨ ਨਾਵਲ ਪਾਲੀ, ਪੂਰਨਮਾ਼ਸ਼ੀ ਤੇ ਲਹੂ ਦੀ ਲੋਅ ਦਾ ਇਕੱਠਿਆਂ ਪ੍ਰਕਾਸ਼ਤ ਹੋਣਾ ਸ਼ੁਭ ਕਾਰਜ ਹੈ।
ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਵਿੱਚ ਗੈਰ-ਰਸਮੀ ਤੌਰ ‘ਤੇ ਰਿਲੀਜ਼ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ: ਜਸਵੰਤ ਸਿੰਘ ਕੰਵਲ ਦੇ ਇਹ ਤਿੰਨ ਨਾਵਲ ਉਸ ਦੇ ਸ਼ਾਹਕਾਰ ਹਨ। ਪਾਲੀ ਤੇ ਪੂਰਨਮਾਸ਼ੀ ਨੇ ਜਿੱਥੇ ਪੰਜਾਬੀ ਪਾਠਕ ਜਗਤ ਦਾ ਘੇਰਾ ਵਿਸ਼ਾਲ ਕੀਤਾ ਉਥੇ ਲਹੂ ਦੀ ਲੋਅ ਨੇ ਨਕਸਲਬਾੜੀ ਲਹਿਰ ਦੇ ਸੰਘਰਸ਼ ਨੂੰ ਵਿਸ਼ਲੇਸ਼ਣੀ ਅੱਖ ਨਾਲ ਵਾਚਿਆ ਤੇ ਲਿਖਿਆ।
ਇਸ ਲਹਿਰ ਬਾਰੇ ਪਹਿਲਾ ਨਾਵਲ ਹੋਣ ਕਾਰਨ ਇਸ ਦਾ ਮਹੱਤਵ ਇਤਿਹਾਸਕ ਵੀ ਹੈ। ਉਨ੍ਹਾਂ ਕਿਹਾ ਕਿ ਸ: ਕੰਵਲ ਨੇ ਪੰਜਾਬ ਦੀਆਂ ਸਭ ਲੋਕ ਲਹਿਰਾਂ ਬਾਰੇ ਲਿਖਿਆ ਕਿਉਂਕਿ ਉਹ ਧਰਤੀ ਪੁੱਤਰ ਸੀ ਅਤੇ ਇਸ ਦੇ ਦੁਖ ਸੁਖ ਦਾ ਖ਼ਿਆਲ ਕਰਦਾ ਸੀ।
ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਮਲਵਈ ਜ਼ਬਾਨ ਦੀ ਸਭ ਤੋਂ ਪਹਿਲਾਂ ਤੇ ਪੂਰੀ ਸਮਰਥਾ ਨਾਲ ਵਰਤੋਂ ਸ: ਜਸਵੰਤ ਸਿੰਘ ਕੰਵਲ ਨੇ ਹੀ ਕੀਤੀ। ਗੁਰਦਿਆਲ ਸਿੰਘ ਤੇ ਰਾਮ ਸਰੂਪ ਅਣਖੀ ਲਈ ਆਧਾਰਭੂਮੀ ਬਣਾਈ। ਉਨ੍ਹਾਂ ਕਿਹਾ ਕਿ ਹੋਰ ਵੀ ਚੰਗਾ ਹੁੰਦਾ ਜੇਕਰ ਇਹ ਖ਼ੂਬਸੂਰਤ ਨਾਵਲ ਉਨ੍ਹਾਂ ਦੇ ਜੀਉਂਦੇ ਜੀ ਪ੍ਰਕਾਸ਼ਿਤ ਹੁੰਦੇ।
ਅਕਾਡਮੀ ਦੇ ਸਕੱਤਰ ਡਾ: ਗੁਰਇਕਬਾਲ ਸਿੰਘ ਨੇ ਕਿਹਾ ਕਿ ਚੇਤਨਾ ਪ੍ਰਕਾਸ਼ਨ ਨੂੰ ਸ: ਜਸਵੰਤ ਸਿੰਘ ਦੀਆਂ ਸੰਪੂਰਨ ਰਚਨਾਵਾਂ ਇੱਕ ਸੈੱਟ ਦੇ ਰੂਪ ਚ ਛਾਪਣੀਆਂ ਚਾਹੀਦੀਆਂ ਹਨ ਤਾਂ ਜੋ ਖੋਜਕਾਰਾਂ ਤੇ ਪਾਠਕਾਂ ਲਈ ਪੰਜਾਬ ਦੀ ਅਦਬੀ ਵਿਰਾਸਤ ਵਰਗੀਆਂ ਇਹ ਲਿਖਤਾਂ ਪੜ੍ਹਨ ਨੂੰ ਨਸੀਬ ਹੋ ਸਕਣ।
ਇਸ ਮੌਕੇ ਪੰਜਾਬੀ ਕਵੀ ਅਜ਼ੀਮ ਸ਼ੇਖ਼ਰ (ਇੰਗਲੈਂਡ) ਤੇਜਿੰਦਰ ਸਿੰਘ ਸੇਖੋਂ (ਕੈਲਗਰੀ) ਕੈਨੇਡਾ, ਤ੍ਰੈਲੋਚਨ ਲੋਚੀ, ਰਾਕੇਸ਼ ਜਾਨੀ ਤੇਜਪਾਲ, ਪਾਲੀ ਖ਼ਾਦਿਮ ਤੇ ਚੇਤਨਾ ਪ੍ਰਕਾਸ਼ਨ ਦੇ ਮਾਲਕ ਸਤੀਸ਼ ਗੁਲਾਟੀ ਵੀ ਹਾਜ਼ਰ ਸਨ।
ਸਤੀਸ਼ ਗੁਲਾਟੀ ਨੇ ਸਮੂਹ ਲੇਖਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ: ਜਸਵੰਤ ਸਿੰਘ ਕੰਵਲ ਦੇ ਸਪੁੱਤਰ ਸ: ਸਰਬਜੀਤ ਸਿੰਘ ਤੇ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਕੇ ਸੰਪੂਰਨ ਰਚਨਾਵਲੀ ਵਾਲਾ ਇਹ ਪ੍ਰਾਜੈਕਟ ਸਿਰੇ ਲਾਇਆ ਜਾ ਸਕਦਾ ਹੈ।