ਬਟਾਲਾ: ਪੰਜਾਬ ਵਿੱਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਗੁਰਦਾਸਪੁਰ ਵਿੱਚ ਕਾਂਗਰਸ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ। ਇਸ ਦੌਰਾਨ ਬਟਾਲਾ ਦੇ ਵਾਰਡ ਨੰਬਰ 39 ‘ਚ ਕਾਂਗਰਸ ਅਤੇ ਬੀਜੇਪੀ ਦੇ ਉਮੀਦਵਾਰਾਂ ਵਿਚਾਲੇ ਜ਼ਬਰਦਸਤ ਟੱਕਰ ਦਿਖਾਈ ਦਿੱਤੀ। ਚੋਣਾਂ ਦੀ ਗਿਣਤੀ ਜਦੋਂ ਮੁਕੰਮਲ ਹੋਈ ਤਾਂ ਕਾਂਗਰਸ ਤੇ ਬੀਜੇਪੀ ਨੂੰ ਬਰਾਬਰ ਵੋਟਾਂ ਪਈਆਂ ਰਿਕਾਰਡ ਕੀਤੀਆਂ ਗਈਆਂ।
ਜਿਸ ਤੋਂ ਬਾਅਦ ਚੋਣ ਅਫ਼ਸਰ ਨੇ ਦੋਵਾਂ ਉਮੀਦਵਾਰਾਂ ਦੀ ਸਹਿਮਤੀ ਨਾਲ ਪਰਚੀ ਪਾ ਕੇ ਚੋਣਾਂ ਦਾ ਫੈਸਲਾ ਕਰਨ ਦਾ ਐਲਾਨ ਕੀਤਾ। ਇੱਕ ਡੱਬੇ ਵਿੱਚ ਚਾਰ ਪਰਚੀਆਂ ਪਾਈਆਂ ਗਈਆਂ। ਦੋ ਪਰਚੀਆਂ ਨੂੰ ਖਾਲੀ ਰੱਖਿਆ ਗਿਆ ਤੇ ਇੱਕ-ਇੱਕ ਪਰਚੀ ‘ਤੇ ਬੀਜੇਪੀ ਦੇ ਉਮੀਦਵਾਰ ਆਰਤੀ ਕਲਿਆਣ ਅਤੇ ਕਾਂਗਰਸ ਉਮੀਦਵਾਰ ਰੀਨਾ ਦਾ ਨਾਮ ਲਿਖਿਆ ਗਿਆ। ਪਹਿਲੇ ਦੋ ਗੇੜਾਂ ਵਿੱਚ ਚੱਕੀਆਂ ਗਈਆਂ ਪਰਚੀਆਂ ਖਾਲੀ ਨਿਕਲੀਆਂ। ਤਿਸਰੇ ਗੇੜ ਵਿੱਚ ਕਾਂਗਰਸ ਦੀ ਰੀਨਾ ਦਾ ਨਾਮ ਆਇਆ। ਜਿਸ ਤੋਂ ਬਾਅਦ ਰੀਨਾ ਨੂੰ ਜੇਤੂ ਐਲਾਨ ਦਿੱਤਾ ਗਿਆ।