-ਅਵਤਾਰ ਸਿੰਘ
ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ੍ਹ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਹਨਾਂ ਪਿੰਡਾਂ ਦੀ ਲੜੀ ਦੇ ਨੌਵੇਂ ਭਾਗ ਵਿੱਚ ਅੱਜ ਚੰਡੀਗੜ ਦੇ ਸੈਕਟਰ 23 ਹੇਠ ਆ ਚੁੱਕੇ ਪਿੰਡ ਬਜਵਾੜੀ ਕਰਮ ਚੰਦ ਦੀ ਗੱਲ ਕਰਾਂਗੇ। ਇਸ ਲੜੀ ਤਹਿਤ ਸੈਕਟਰ ਵਾਈਜ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਸ੍. ਮਲਕੀਤ ਸਿੰਘ ਔਜਲਾ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ। ਅੱਜ ਪੜ੍ਹੋ ਕਿਵੇਂ ਪਿੰਡ ਬਜਵਾੜੀ ਕਰਮ ਚੰਦ ਨੂੰ ਉਠਾ ਕੇ ਚੰਡੀਗੜ੍ਹ ਦਾ ਸੈਕਟਰ 23 ਬਣਾਇਆ ਗਿਆ।
ਚੰਡੀਗੜ੍ਹ ਵਸਾਉਣ ਲਈ ਉਜਾੜੇ ਗਏ 28 ਪਿੰਡਾਂ ਵਿੱਚ ਇੱਕ ਪਿੰਡ ਬਜਵਾਡੀ ਵੀ ਸੀ, ਜੋ 1950-51 ਦੌਰਾਨ ਪਹਿਲੇ ਉਠਾਲੇ ਸਮੇਂ ਉਠਾ ਦਿੱਤਾ ਗਿਆ ਸੀ। ਇਸ ਪਿੰਡ ਨੂੰ ਬਜਵਾੜੀ ਕਰਮ ਚੰਦ ਦੀ ਕਹਿੰਦੇ ਸਨ ਕਿਉਂਕਿ ਇਸ ਦੇ ਨੇੜੇ ਹੀ ਇੱਕ ਹੋਰ ਬਜਵਾੜੀ ਸੀ ਜਿਸ ਨੂੰ ਬਜਵਾੜੀ ਬਖਤਾ ਆਖਦੇ ਸਨ, ਉਹ ਬੇ-ਚਿਰਾਗ ਮੌਜਾ ਸੀ। ਇਹ ਦੋਵੇਂ ਬਜਵਾੜੀਆਂ ਪਿੰਡ ਬਜਵਾੜੇ ਦੇ ਨੇੜੇ ਸਨ। ਇਸ ਪਿੰਡ ਬਾਰੇ ਕਿਹਾ ਜਾਂਦਾ ਹੈ ਕਿ ਇਥੋਂ ਦਾ ਇੱਕ ਜਿਮੀਂਦਾਰ ਕਰਮ ਚੰਦ ਸੀ। ਉਹ ਘੋੜੇ ਤੇ ਚੜ ਕੇ ਪਿੰਡ ਦੇ ਬੰਨੇ ਦੀ ਲਕੀਰ ਖਿੱਚਦਾ ਗਿਆ ਅਤੇ ਫੇਰ ਉਸ ਨੇ ਨਿੰਮ ਦਾ ਦਰੱਖਤ ਲਗਾ ਕੇ ਖੇੜਾ ਸਥਾਪਿਤ ਕੀਤਾ। ਇਸ ਪ੍ਰਕਾਰ ਬਜਵਾੜੀ ਪਿੰਡ ਦਾ ਮੁੱਢ ਬੱਝਿਆ ਅਤੇ ਕਰਮ ਚੰਦ ਦਾ ਨਾਮ ਉਸ ਦੇ ਨਾਲ ਜੁੜ ਗਿਆ। ਬਜਵਾੜੀ ਪਿੰਡ ਉੱਤੇ ਇਸ ਵੇਲੇ ਚੰਡੀਗੜ੍ਹ ਦਾ ਸੈਕਟਰ 23 ਬਣਿਆ ਹੋਇਆ ਹੈ ਜਿਥੇ ਜਿਆਦਾਤਰ ਸਰਕਾਰੀ ਕੁਆਟਰ ਬਣੇ ਹੋਏ ਹਨ ਅਤੇ ਹੋਰ ਕੋਠੀਆਂ ਵੀ ਹਨ। ਸੈਕਟਰ 23 ਦੇ ਮੌਜੂਦਾ ਗੁਰਦੁਆਰਾ ਸਾਹਿਬ ਬਾਅਦ ਵਿੱਚ ਬਣਿਆ ਹੈ। ਇਸ ਦੇ ਸਾਹਮਣੇ ਮਾਰਕੀਟ ਵਾਲੀ ਥਾਂ ਤੇ ਇਹ ਪਿੰਡ ਵੱਸਦਾ ਸੀ। ਸੈਕਟਰ 22-23 ਦੀਆਂ ਲਾਈਟਾਂ ਨੇੜੇ ਜੋ ਮੰਦਰ ਹੈ, ਇਹ ਵੀ ਬਾਅਦ ਵਿੱਚ ਬਣੇ ਹਨ। ਇਥੇ ਹੁਣ ਵੀ ਇਸ ਪਿੰਡ ਦੇ ਪੁਰਾਣੇ ਦਰੱਖਤ ਖੜੇ ਦੇਖੇ ਜਾ ਸਕਦੇ ਹਨ। ਸੈਕਟਰ 23 ਦੀ ਸਰਕਾਰੀ ਨਰਸਰੀ ਵੀ ਬਜਵਾੜੀ ਦੇ ਖੇਤਾਂ ਵਿੱਚ ਬਣੀ ਹੋਈ ਹੈ। ਚੰਡੀਗੜ ਵਸਾਉਣ ਸਮੇਂ ਸਭ ਤੋਂ ਪਹਿਲਾਂ ਸਰਕਾਰੀ ਕੁਆਟਰ ਬਣਨ ਦੀ ਸ਼ੁਰੂਆਤ ਸੈਕਟਰ 22 ਅਤੇ 23 ਵਿੱਚ ਬਜਵਾੜੀ ਪਿੰਡ ਦੇ ਰਕਬੇ ਉਪਰ ਹੋਈ ਸੀ।
ਬਜਵੜੀ ਪਿੰਡ ਦੇ ਆਲੇ ਦੁਆਲੇ ਬਜਵਾੜਾ, ਸ਼ਾਹਪੁਰ,ਸੈਣੀਮਾਜਰਾ, ਕੈਲੜ ਅਤੇ ਰੁੜਕੀ ਪੜਾਓ ਪਿੰਡ ਵੱਸਦੇ ਸਨ। ਇਹ ਸਾਰੇ ਹੁਣ ਉਜੜ ਚੁੱਕੇ ਹਨ। ਬਜਵਾਡੀ ਦਾ ਹਦਬਸਤ ਨੰ: 208 ਸੀ ਅਤੇ ਜਮੀਨ ਦਾ ਰਕਬਾ 166 ਏਕੜ ਸੀ। ਇਸ ਪਿੰਡ ਦੀ ਅਬਾਦੀ 104 ਵਿਅੱਕਤੀਆਂ ਦੀ ਸੀ। ਲਿੰਗ ਅਨੁਪਾਤ 793 ਸੀ। ਪੜਾਈ ਲਿਖਾਈ ਦੀ ਦਰ 15.38 ਪ੍ਰਤੀਸ਼ਤ ਸੀ ਅਤੇ ਪਿੰਡ ਦੇ 96.15 ਪ੍ਰਤੀਸ਼ਤ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਪਿੰਡ ਦੀ ਅਬਾਦੀ ਤੋਂ ਹੀ ਪਤਾ ਲਗਦਾ ਹੈ ਕਿ ਬਜਵਾੜੀ ਕਰਮ ਚੰਦ ਦੀ ਇੱਕ ਛੋਟਾ ਪਿੰਡ ਸੀ ਜਿਸ ਵਿੱਚ ਲਗਭਗ 10 ਕੁ ਘਰ ਸਨ, ਜਿਹਨਾਂ ਵਿੱਚ ਸੱਤ ਘਰ ਜਿਮੀਂਦਾਰਾਂ ਦੇ ਸਨ, ਦੋ ਰਮਦਾਸੀਆਂ ਦੇ ਅਤੇ ਇੱਕ ਪੰਡਤਾਂ ਦਾ ਸੀ। ਇਸ ਪਿੰਡ ਵਿੱਚ ਕੋਈ ਸਕੂਲ ਨਹੀਂ ਸੀ ਹੁੰਦਾ। ਬੱਚੇ ਪੜਨ ਲਈ ਨੇੜਲੇ ਪਿੰਡ ਕੈਲੜ (ਹੁਣ ਸੈਕਟਰ 24) ਜਾਂਦੇ ਹੁੰਦੇ ਸਨ। ਪਿੰਡ ਵਿੱਚ ਕੋਈ ਗੁਰਦੁਆਰਾ, ਮੰਦਰ ਜਾਂ ਧਰਮਸ਼ਾਲਾ ਵੀ ਨਹੀਂ ਸੀ।
ਪਿੰਡ ਵਿੱਚ ਚਾਰ ਖੂਹ ਹੁੰਦੇ ਸੀ ਜਿਹਨਾਂ ਵਿੱਚ ਦੋ ਜਿਮੀਂਦਾਰਾਂ ਦੇ, ਇੱਕ ਪੰਡਤਾਂ ਦਾ ਅਤੇ ਇੱਕ ਰਾਮਦਾਸੀਆਂ ਦੇ ਘਰਾਂ ਵਾਸਤੇ ਸੀ। ਇਸ ਪਿੰਡ ਵਿੱਚ ਤਿੰਨ ਟੋਭੇ ਸਨ ਜਿਹਨਾਂ ਵਿੱਚ ਇੱਕ ਬਰੋਟੇ ਵਾਲੇ, ਦੂਜਾ ਉਪਰਲੇ ਪਾਸੇ ਵਾਲਾ ਅਤੇ ਤੀਜਾ ਛੱਪੜੀ ਵਾਲਾ ਟੋਭਾ ਸੀ। ਖੇਤਾਂ ਦੀ ਸਿੰਜਾਈ ਵੀ ਹਲਟਾਂ ਨਾਲ ਕੀਤੀ ਜਾਂਦੀ ਸੀ। ਦੋ ਟਿੰਡਾਂ ਵਾਲੇ ਹਲਟ ਚੱਲਦੇ ਸਨ ਇੱਕ ਨੰਬਰਦਾਰ ਨੱਥਾ ਸਿੰਘ ਦਾ ਸੀ ਅਤੇ ਦੂਜੇ ਨੂੰ ਉਪਰਲਾ ਹਲਟ ਕਹਿੰਦੇ ਹੁੰਦੇ ਸਨ। ਇਸ ਪਿੰਡ ਵਿੱਚ ਗੰਨਾ ਪੀੜਨ ਲਈ ਇੱਕ ਘੁਲਾੜੀ ਵੀ ਹੁੰਦੀ ਸੀ ਜਿਥੇ ਲੋਕ ਵਾਰੀ ਸਿਰ ਗੰਨਾ ਪੀੜਦੇ ਸਨ। ਘਰ ਕੱਚੇ ਸਨ ਅਤੇ ਗਲੀਆਂ ਵੀ ਕੱਚੀਆਂ ਸਨ। ਲੋਕਾਂ ਨੇ ਘਰਾਂ ਦੇ ਅੱਗੇ ਛੱਪਰ ਬੰਨੇ ਹੁੰਦੇ ਸੀ ਅਤੇ ਛੰਨਾਂ ਵੀ ਹੁੰਦੀਆਂ ਸਨ। ਘਰਾਂ ਵਿੱਚ ਬੈਠਕਾਂ, ਕੋਠਡੀਆਂ ਅਤੇ ਡਿਓੜ੍ਹੀਆਂ ਹੁੰਦੀਆਂ ਸਨ ਅਤੇ ਪਸ਼ੂਆਂ ਲਈ ਤਬੇਲੇ ਸਨ। ਪਿੰਡ ਦੇ ਲੋਕ ਆਟਾ ਪਿਹਾਉਣ ਅਤੇ ਬਲਦਾਂ ਲਈ ਦੈੜ ਕਢਾਵੁਣ ਖੈੜ ਰਲੇ ਰਾਮ ਦੇ ਇੰਜਣ ਤੇ ਜਾਂਦੇ ਸਨ। ਇਸ ਪਿੰਡ ਦਾ ਸਰਪੰਚ ਨੰਬਰਦਾਰ ਨੱਥਾ ਸਿੰਘ ਹੁੰਦਾ ਸੀ। ਚੌਕੀਦਾਰ ਸ਼ਾਹਪੁਰ ਦਾ ਭਾਊਆ ਹੁੰਦਾ ਸੀ। ਪੰਡਤ ਗੌਰੀ ਸ਼ੰਕਰ ਬਜਵਾੜੇ ਵਾਲਾ ਲੋਕਾਂ ਦੇ ਲਿਖਤ ਪੜਨ ਦੇ ਕੰਮ ਕਰਦਾ ਹੁੰਦਾ ਸੀ।
ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਜਿਮੀਂਦਾਰ ਕਣਕ ਮੱਕੀ, ਕਮਾਦ, ਮੂੰਗਫਲੀ, ਮੇਥੇ, ਚਰੀ, ਕਾਲੇ ਧਾਨ, ਛੋਲੇ, ਸਰੋਂ ਤਾਰਾਮੀਰਾ, ਮਸਰੀ ਅਤੇ ਮੂੰਗੀ ਬੀਜਦੇ ਸਨ। ਲੋਕ ਮਿਲ ਕੇ ਸਾਰੇ ਤਿਥ ਤਿਉਹਾਰ ਮਨਾਉਂਦੇ ਸਨ। ਪਿੰਡ ਵਿੱਚ ਅੰਬ ਅਤੇ ਜਮੋਏ ਬਹੁਤ ਸਨ। ਇਸ ਪਿੰਡ ਦੇ ਮੋਹਤਬਰ ਬੰਦਿਆਂ ਦਾ ਨਾਮ ਸਰਬਣ ਸਿੰਘ, ਬਖਤੌਰ ਸਿੰਘ, ਦਿਆਲ ਸਿੰਘ, ਮੇਹਰ ਸਿੰਘ, ਭਜਨ ਸਿੰਘ, ਸਰਦਾਰਾ ਸਿੰਘ ਫੌਜੀ, ਨੰਬਰਦਾਰ ਰਣਜੀਤ ਸਿੰਘ, ਮਲ੍ਹਾਰ ਸਿੰਘ, ਮਹਿਮਾ ਸਿੰਘ, ਦਿਆਲ ਸਿੰਘ, ਉਜਾਗਰ ਸਿੰਘ, ਨੰਬਰਦਾਰ ਗੁਰਚਰਨ ਸਿੰਘ ਅਤੇ ਕੁਲਦੀਪ ਸਿੰਘ ਹਨ। ਮਿਤੀ 9 ਫਰਵਰੀ 1951 ਅਤੇ 3 ਮਾਰਚ 1951 ਨੂੰ ਸਰਕਾਰਾਂ ਵੱਲੋਂ ਜਾਰੀ ਕੀਤੇ ਦੋ ਐਵਾਰਡਾਂ ਅਨੁਸਾਰ ਪਿੰਡ ਬਜਵਾੜੀ ਕਰਮ ਚੰਦ ਦੀ 166 ਏਕੜ ਜਮੀਨ ਨੂੰ ਐਕੁਆਇਰ ਕਰ ਲਿਆ ਗਿਆ ਅਤੇ ਇਸ ਉੱਤੇ ਸੈਕਟਰ 23 ਵਸਾਇਆ ਗਿਆ। ਇਸ ਪਿੰਡ ਦੇ ਲੋਕਾਂ ਨੂੰ ਨਾ ਚਾਹੁੰਦੇ ਹੋਏ ਵੀ ਆਪਣਾ ਜੱਦੀ ਪਿੰਡ ਛੱਡਣ ਲਈ ਮਜਬੂਰ ਹੋਣਾ ਪਿਆ। ਉਸ ਸਮੇਂ ਇਸ ਪਿੰਡ ਦੇ ਲੋਕਾਂ ਨੂੰ ਜਮੀਨ ਬਦਲੇ ਜਮੀਨ ਅਤੇ ਮਕਾਨ ਬਦਲੇ ਮਕਾਨ ਦੇ ਕੇ ਨੇੜੇ ਤੇੜੇ ਪਿੰਡਾਂ ਵਿੱਚ ਭੇਜ ਦਿੱਤਾ ਗਿਆ। ਇਸ ਪਿੰਡ ਦੇ ਜਿਮੀਂਦਾਰਾਂ ਨੂੰ ਸਨੇਟੇ ਦੇ ਨੇੜੇ ਪੈਂਦੇ ਪਿੰਡ ਧੀਰਪੁਰ ਵਿੱਚ ਵਸਾਇਆ ਗਿਆ ਅਤੇ ਕੁੱਝ ਜਮੀਨ ਢੇਲਪੁਰ ਵੀ ਦਿੱਤੀ ਗਈ। ਧੀਰਪੁਰ ਵਾਲੀ ਜਮੀਨ ਉਸ ਵੇਲੇ ਮਨੌਲੀ ਵਾਲੇ ਸਰਦਾਰ ਦੀ ਹੁੰਦੀ ਸੀ ਜਿਥੇ ਜਾ ਕੇ ਇਹਨਾਂ ਲੋਕਾਂ ਨੇ ਬੜੀ ਮੇਹਨਤ ਕੀਤੀ। ਪੰਡਤਾਂ ਦਾ ਘਰ ਖਾਨਪੁਰ ਚਲਾ ਗਿਆ ਅਤੇ ਰਾਮਦਾਸੀਆਂ ਦੇ ਘਰ ਮੁੰਡੀ ਖਰੜ ਵਿਖੇ ਰਹਿਣ ਲੱਗ ਗਏ। ਅੱਜ ਵੀ ਇਸ ਪਿੰਡ ਦੇ ਲੋਕ ਆਪਣੇ ਉਜੜ ਚੁੱਕੇ ਪਿੰਡ ਬਜਵਾੜੀ ਨੂੰ ਯਾਦ ਕਰਕੇ ਹਾਊਂਕਾ ਲੈਂਦੇ ਹਨ।
ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਸ਼ਹਿਰ ਲਈ ਕੁਰਬਾਨੀ ਕਰ ਚੁੱਕੇ ਪਿੰਡ ਬਜਵਾੜੀ ਦੀ ਯਾਦ ਵਿੱਚ ਸੈਕਟਰ 22-23-16-17 ਵਾਲੇ ਚੌਂਕ ਦਾ ਨਾਂ ਬਜਵਾੜੀ ਚੌਂਕ ਅਤੇ ਸੈਕਟਰ 22-23 ਨੁੰ ਵੰਡਦੀ ਸੜਕ ਦਾ ਨਾਮ ਬਜਵਾੜੀ ਰੋਡ ਰੱਖਿਆ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣਕਾਰੀ ਮਿਲਦੀ ਰਹੇ।
ਲੇਖਕ: ਮਲਕੀਤ ਸਿੰਘ ਔਜਲਾ
(ਪਿੰਡ ਮੁੱਲਾਂਪੁਰ ਗਰੀਬਦਾਸ, ਨੇੜੇ ਚੰਡੀਗੜ੍ਹ, ਸੰਪਰਕ: 9914992424)