ਵਾਸ਼ਿੰਗਟਨ : ਯੂਨੀਵਰਸਿਟੀ ਆਫ ਕੈਲੀਫੋਰਨੀਆ ਤੇ ਲਾਂਸ ਏਂਜਲਸ ਯੂਨੀਵਰਸਿਟੀ ਵੱਲੋਂ ਇਕੱਲੇਪਣ ਦੇ ਆਧਾਰ ‘ਤੇ ਲੋਨਲੀਨੇਸ (ਇਕੱਲੇਪਣ) ਇੰਡੈਕਸ 2020 ਦੇ ਤਹਿਤ ਕੀਤੇ ਗਏ ਇੱਕ ਸਰਵੇਖਣ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਘਰ ਬੈਠ ਕੇ ਕੰਮ ਕਰਨ ਵਾਲੇ ਲੋਕਾਂ ‘ਚ ਇਕੱਲੇਪਣ ਦੀ ਸਮੱਸਿਆ ਵੱਧ ਪਾਈ ਜਾਂਦੀ ਹੈ।
ਇੰਡੈਕਸ ਅਨੁਸਾਰ ਜਿਹੜੇ ਲੋਕ ਘਰ ‘ਚ ਬੈਠ ਕੇ ਕੰਮ ਕਰਦੇ ਹਨ, ਉਨ੍ਹਾਂ ਲੋਕਾਂ ਦਾ ਆਉਣਾ-ਜਾਣਾ ਘਰ ਤੋਂ ਬਾਹਰ ਕੰਮ ਕਰਨ ਵਾਲੇ ਲੋਕਾਂ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ। ਇੰਡੈਕਸ ਦੇ ਅਨੁਸਾਰ ਸਾਲ 2018 ‘ਚ ਇਹ ਅੰਕੜਾ 54% ਸੀ, ਜੋ 2019 ਵਿਚ ਵਧ ਕੇ 61% ਹੋ ਗਿਆ ਹੈ।
ਯੂਨੀਵਰਸਿਟੀ ਆਫ ਕੈਲੀਫੋਰਨੀਆ ਤੇ ਲਾਂਸ ਏਂਜਲਸ ਯੂਨੀਵਰਸਿਟੀ ਨੇ ਇਕੱਲੇਪਣ ਦੇ ਆਧਾਰ ‘ਤੇ ਇੱਕ ਸਰਵੇਖਣ ਦੌਰਾਨ 10,200 ਲੋਕਾਂ ਤੋਂ 20 ਸਵਾਲ ਪੁੱਛੇ ਸਨ। ਜਿਸ ‘ਚ ਇਹ ਗੱਲ ਸਾਹਮਣੇ ਆਈ ਕਿ ਇਕੱਲੇਪਣ ਦੀ ਸਮੱਸਿਆ ਨੌਜਵਾਨਾਂ ‘ਚ ਪੁਰਾਣੀ ਪੀੜ੍ਹੀ ਦੇ ਮੁਕਾਬਲੇ ਵਧੇਰੇ ਪਾਈ ਗਈ ਹੈ। ਸਰਵੇਖਣ ‘ਚ ਲਗਭਗ 48% ਨੌਜਵਾਨਾਂ ਨੇ ਕਿਹਾ ਕਿ ਉਹ ਇਕੱਲੇਪਣ ਦੀ ਸਮੱਸਿਆ ਨਾਲ ਜੂਝ ਰਹੇ ਹਨ ਜਦ ਕਿ ਬਜ਼ੁਰਗ ਲੋਕਾਂ ‘ਚ ਇਹ ਅੰਕੜਾ ਸਿਰਫ 28% ਹੀ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਿਹੜੇ ਨੌਜਵਾਨ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਰਹਿੰਦੇ ਹਨ, ਉਨ੍ਹਾਂ ਦੇ ਇਕੱਲੇ ਰਹਿ ਜਾਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਸੋਸ਼ਲ ਮੀਡੀਆ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਕਰਨ ਵਾਲੇ 70 ਪ੍ਰਤੀਸ਼ਤ ਤੋਂ ਵੱਧ ਲੋਕ ਇਕੱਲਾਪਣ ਮਹਿਸੂਸ ਕਰਦੇ ਹਨ। ਜਦ ਕਿ ਪਿਛਲੇ ਸਾਲ ਇਹ ਅੰਕੜਾ 53 ਪ੍ਰਤੀਸ਼ਤ ਸੀ। ਇਸ ਦੇ ਉਲਟ ਸੋਸ਼ਲ ਮੀਡੀਆ ਦਾ ਘੱਟ ਇਸਤੇਮਾਲ ਕਰਨ ਵਾਲਿਆਂ ‘ਚੋਂ 51 ਪ੍ਰਤੀਸ਼ਤ ਲੋਕਾਂ ਦਾ ਕਹਿਣਾ ਹੈ ਕਿ ਉਹ ਇਕੱਲਾਪਣ ਮਹਿਸੂਸ ਕਰਦੇ ਹਨ।