ਅੰਮ੍ਰਿਤਸਰ ਸਾਹਿਬ : ਸੂਬੇ ਅੰਦਰ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਪੰਜਾਬ ਵਿਚ ਇਸ ਦੇ 38 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਲੋਕਾਂ ਨੂੰ ਸਰਕਾਰ ਵਲੋਂ ਜਿਥੇ ਘਰਾਂ ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਉਥੇ ਹੀ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਸਿੱਖ ਸੰਸਥਾਵਾਂ ਇਸ ਔਖੇ ਸਮੇਂ ਵਿਚ ਸਰਕਾਰ ਦੀ ਮਦਦ ਲਈ ਵੱਧ ਚੜ ਕੇ ਅੱਗੇ ਆ ਰਹੀਆਂ ਹਨ। ਇਸੇ ਦੌਰਾਨ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਸਥਾਵਾਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ। ਉਨ੍ਹਾਂ ਸਿੱਖ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੀੜਤਾਂ ਦੀ ਮਦਦ ਲਈ ਅਤੇ ਗਰੀਬਾਂ ਦਾ ਸਹਾਰਾ ਬਣਨ ਲਈ ਸਿੱਖ ਸੰਸਥਾਵਾਂ ਵੱਧ ਛੱਡ ਕੇ ਅੱਗੇ ਆਉਣ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਭੈੜੀ ਬਿਮਾਰੀ ਨੇ ਵਡੀ ਗਿਣਤੀ ਵਿਚ ਲੋਕਾਂ ਨੂੰ ਸ਼ਿਕਾਰ ਬਣਾਇਆ ਹੈ। ਗਿਆਨੀ ਹੁਰਾਂ ਕਿਹਾ ਕਿ ਸਿੱਖ ਭਾਈਚਾਰਾ ਹਮੇਸ਼ਾ ਹੀ ਸਰਬਤ ਦਾ ਭਲਾ ਮੰਗਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਵਿੱਚੋ ਹਰ ਕਿਸੇ ਦੀ ਹੜ ਢੰਗ ਨਾਲ ਮਦਦ ਕੀਤੀ ਜਾਵੇ । ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਦੇਸ਼ ਵਿਚ ਵਿਦਿਆਰਥੀਆਂ ਲਈ ਗੁਰੂ ਘਰਾਂ ਦੇ ਖਜਾਨਿਆਂ ਦੀ ਵਰਤੋਂ ਖੁਲ ਦਿਲੀ ਨਾਲ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਸਥਾਨਕ ਲੋਕ ਆਪੋ ਆਪਣੀਆਂ ਸਰਕਾਰਾਂ ਦਾ ਸਹਿਯੋਗ ਦੇਣ ਅਤੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਨ।