ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਵੱਲੋਂ ਕਰਵਾਏ ਜਾਂਦੇ ਹਫਤਾਵਾਰੀ ਲਾਈਵ ਪ੍ਰੋਗਰਾਮ ਨਾਲ ਵੱਡੀ ਪੱਧਰ ‘ਤੇ ਕਿਸਾਨਾਂ ਦਾ ਜੁੜਨਾ ਇਸ ਪ੍ਰੋਗਰਾਮ ਦੇ ਮਹੱਤਵ ਦਾ ਸੂਚਕ ਹੈ। ਇਸ ਪ੍ਰੋਗਰਾਮ ਵਿੱਚ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਵਿਭਾਗ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਵਿੱਚ ਵੀ ਮਿੱਟੀ ਪਾਣੀ ਪਰਖ ਲੈਬਾਰਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ। ਪਰੀਖਣ ਕਰਨ ਤੋਂ ਬਾਅਦ ਮਿੱਟੀ ਅਤੇ ਪਾਣੀ ਦੀ ਰਿਪੋਰਟ ਪੀ.ਏ.ਯੂ. ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਡਾ. ਚੌਧਰੀ ਨੇ ਕਣਕ ਦੇ ਪੀਲੇ ਪੈਣ ਦੇ ਕਾਰਨਾਂ ‘ਤੇ ਚਾਨਣਾ ਪਾਇਆ । ਉਹਨਾਂ ਦੱਸਿਆ ਕਿ ਪਾਣੀ ਦੀ ਵਾਧ-ਘਾਟ, ਹਵਾ ਖੋਰੀ ਅਤੇ ਮੈਗਨੀਸ਼ੀਅਮ ਤੱਤ ਦੀ ਘਾਟ ਨਾਲ ਵੀ ਕਣਕ ਦਾ ਰੰਗ ਪੀਲਾ ਪੈ ਸਕਦਾ ਹੈ । ਉਹਨਾਂ ਦੱਸਿਆ ਕਿ ਸਾਨੂੰ ਮੈਗਨੀਸ਼ੀਅਮ ਸਲਫੇਟ ਦੀ ਹਮੇਸ਼ਾਂ ਸਪਰੇਅ ਹੀ ਕਰਨੀ ਚਾਹੀਦੀ ਹੈ।
ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਭੋਜਨ ਪ੍ਰੋਸੈਸਿੰਗ ਅਤੇ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਵੀ ਸ਼ਾਮਿਲ ਹੋਏ। ਡਾ. ਮਹੇਸ਼ ਨੇ ਦੱਸਿਆ ਕਿ ਵਿਭਾਗ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ 350 ਤੋਂ ਵੱਧ ਲਘੂ ਖੇਤੀ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਇਕਾਈਆਂ ਦੇ ਵਿੱਚ ਇੱਕ ਛੋਟੀ ਆਟਾ ਚੱਕੀ, ਇੱਕ ਕੋਹਲੂ, ਮਸਾਲੇ ਤਿਆਰ ਕਰਨ ਵਾਲੀਆਂ ਮਸ਼ੀਨਾਂ, ਦਾਲਾਂ ਦੀ ਰਗੜਾਈ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਹਨਾਂ ਵਿਸ਼ੇਸ਼ ਤੌਰ ਤੇ ਇਸ ਗੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਗੁੜ ਦੇ ਪ੍ਰੋਸੈਸਿੰਗ ਸੰਬੰਧੀ ਸਿਖਲਾਈਆਂ ਦੀ ਇੱਕ ਲੜੀ ਪਿਛਲੇ ਦੋ ਸਾਲ ਤੋਂ ਆਯੋਜਿਤ ਕੀਤੀ ਜਾ ਰਹੀ ਹੈ। ਉਹਨਾਂ ਨੌਜਵਾਨਾਂ ਨੂੰ ਇਹ ਸਿਖਲਾਈਆਂ ਪ੍ਰਾਪਤ ਕਰਨ ਦੇ ਲਈ ਵਿਭਾਗ ਨਾਲ ਸੰਪਰਕ ਕਰਨ ਨੂੰ ਕਿਹਾ। ਇਸ ਤੋਂ ਬਾਅਦ ਚਲੰਤ ਮੌਸਮ ਦਾ ਹਾਲ ਮੌਸਮ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਦਿੱਤਾ। ਉਹਨਾਂ ਬੀਤੇ ਸਾਲਾਂ ਦੇ ਮੁਕਾਬਲੇ ਇਸ ਸਾਲ ਘੱਟ ਤਾਪਮਾਨ ਬਾਰੇ ਜਾਣਕਾਰੀ ਦਿੱਤੀ।
ਯੂਨੀਵਰਸਿਟੀ ਵਿੱਚ ਸਥਾਪਿਤ ਪੌਦਾ ਹਸਪਤਾਲ ਬਾਰੇ ਜ਼ਿਕਰ ਕਰਦਿਆਂ ਡਾ. ਇੰਦਰਪ੍ਰੀਤ ਨੇ ਦੱਸਿਆ ਕਿ ਇਸ ਹਸਪਤਾਲ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਵਿਗਿਆਨੀ ਮੌਜੂਦ ਹਨ। ਇਸ ਹਸਪਤਾਲ ਨਾਲ ਟੈਲੀਫੋਨ ਰਾਹੀਂ, ਫੋਨ ਰਾਹੀਂ, ਈ-ਮੇਲ ਰਾਹੀਂ ਸੰਪਰਕ ਸਾਧਿਆ ਜਾ ਸਕਦਾ ਹੈ। ਇਸ ਸੈਸ਼ਨ ਦੌਰਾਨ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਪ੍ਰਾਪਤ ਕਰਨ ਦੇ ਲਈ ਨਵੇਂ ਆਰੰਭੇ ਗਏ ਉਦਮਾਂ ਦਾ ਜ਼ਿਕਰ ਵੀ ਕੀਤਾ ਗਿਆ।
ਪ੍ਰਕਾਸ਼ਨਾਵਾਂ ਸੰਬੰਧੀ ਜਾਣਕਾਰੀ ਸ੍ਰੀ ਰਵਿੰਦਰ ਭਲੂਰੀਆ ਨੇ ਦਿੱਤੀ ਅਤੇ ਜਨਵਰੀ ਤੋਂ ਆਯੋਜਿਤ ਕੀਤੇ ਜਾਣ ਵਾਲੇ ਤਿੰਨ ਮਹੀਨੇ ਦੇ ਸਿਖਲਾਈ ਕੋਰਸ ਬਾਰੇ ਜਾਣਕਾਰੀ ਡਾ. ਅਨਿਲ ਸ਼ਰਮਾ ਨੇ ਦਿੱਤੀ।