ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਸਿੱਧੇ ਦੋਸ਼ ਲਗਾਏ ਹਨ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਭਾਜਪਾ ਏਜੰਡਾ ਹੀ ਲਾਗੂ ਕਰਦੇ ਰਹੇ ਸਨ। ਜਿਸ ਕਾਰਨ ਪੰਜਾਬ ਵਿੱਚ ਕਦੀ ਟਿਫਨ ਬੰਬ, ਕਦੇ ਡਰੋਨ ਆਉਣ ਦੀਆਂ ਖ਼ਬਰਾਂ ਲਗਵਾ ਕੇ ਹਊਆ ਖੜ੍ਹਾ ਕਰਦੇ ਰਹੇ ਸਨ।
ਮਾਰਕਫੈੱਡ ਦੇ ਨਵ ਨਿਯੁਕਤ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਅਹੁਦਾ ਸੰਭਾਲਣ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੱਖਰੀ ਪਾਰਟੀ ਬਣਾਉਣ ਦਾ ਹੱਕ ਹੈ ਪਰ ਉਹ ਇਹ ਭੁੱਲ ਗਏ ਹਨ ਕਿ ਉਨ੍ਹਾਂ ਉਨੀ ਸਾਲ ਕਾਂਗਰਸ ਵੱਲੋਂ ਬਖਸ਼ੇ ਅਹੁਦਿਆਂ ‘ਤੇ ਲਗਾਤਾਰ ਆਨੰਦ ਮਾਣਿਆ ਹੈ।
ਬੇਅਦਬੀ ਮਾਮਲਿਆਂ ਬਾਰੇ ਰੰਧਾਵਾ ਨੇ ਕਿਹਾ ਕਿ ਜੋ ਵੀ ਸਚਾਈ ਹੈ ਸਭ ਦੇ ਸਾਹਮਣੇ ਆ ਜਾਵੇਗੀ ਅਤੇ ਬੇਅਦਬੀ ਦੇ ਦੋਸ਼ੀ ਬਿਲਕੁਲ ਵੀ ਬਖਸ਼ੇ ਨਹੀਂ ਜਾਣਗੇ ਕਿਉਂਕਿ ਉਨ੍ਹਾਂ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ਦੀ ਪੜਚੋਲ ਕਰਵਾ ਕੇ ਨਵੇਂ ਸਿਰੇ ਤੋਂ ਕਾਰਵਾਈ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ