ਅੰਮ੍ਰਿਤਸਰ: ਅੰਮ੍ਰਿਤਸਰ ‘ਚ ਦਿਗਵਿਜੈ ਥਾਣੇ ‘ਚ ਇੱਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਦਿਲਪ੍ਰੀਤ ਸਿੰਘ ਨਾਂ ਦੇ ਇਸ ਵਿਅਕਤੀ ਦੀ ਪਤਨੀ ਨੇ ਸੋਮਵਾਰ ਦੇਰ ਰਾਤ ਖੁਦਕੁਸ਼ੀ ਕਰ ਲਈ ਸੀ।ਪਤਨੀ ਵੱਲੋਂ ਕੀਤੀ ਗਈ ਆਤਮੱਹਤਿਆਂ ਦੇ ਦੋਸ਼ ‘ਚ ਪੁਲਿਸ ਦਿਲਪ੍ਰੀਤ ਨੂੰ ਡੀ-ਡਵੀਜ਼ਨ ਥਾਣੇ ਲੈ ਆਈ ਸੀ। ਜਿੱਥੇ ਦਿਲਪ੍ਰੀਤ ਸਿੰਘ ਨੇ ਅੱਧੀ ਰਾਤ ਨੂੰ ਹਵਾਲਾਤ ‘ਚ ਹੀ ਫਾਹਾ ਲੈ ਲਿਆ।
ਜਦੋਂ ਪਰਿਵਾਰਕ ਮੈਂਬਰ ਸਵੇਰੇ ਥਾਣੇ ਪਹੁੰਚੇ ਤਾਂ ਕਿਸੇ ਵੀ ਪੁਲਿਸ ਅਧਿਕਾਰੀ ਨੇ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਪੁੱਤਰ ਨੇ ਲੌਕਅਪ ਵਿੱਚ ਖੁਦਕੁਸ਼ੀ ਕਰ ਲਈ ਹੈ।
ਦੱਸ ਦਈਏ ਕਿ ਦਿਲਪ੍ਰੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਸੋਮਵਾਰ ਰਾਤ ਬਾਥਰੂਮ ‘ਚ ਜਾ ਕੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਸੀ। ਪੁਲਿਸ ਨੇ ਦਿਲਪ੍ਰੀਤ ਸਿੰਘ ਖਿਲਾਫ਼ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ‘ਚ ਕੇਸ ਦਰਜ ਕੀਤਾ ਸੀ ਤੇ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਕੇ ਡੀ-ਡਵੀਜ਼ਨ ਥਾਣੇ ਦੀ ਹਵਾਲਾਤ ‘ਚ ਲੈ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 5.30 ਵਜੇ ਚਾਦਰ ਰਾਹੀਂ ਹਵਾਲਾਤ ਦੀ ਗ੍ਰਿਲ ਦੇ ਨਾਲ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ।
ਏਡੀਸੀਪੀ ਹਰਜੀਤ ਸਿੰਘ ਧਾਲੀਵਾਲ ਘਟਨਾ ਬਾਰੇ ਪਤਾ ਚੱਲਦੇ ਹੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਦਿਲਪ੍ਰੀਤ ਦੀ ਲਾਸ਼ ਕਬਜ਼ੇ ਵਿਚ ਲੈ ਲਈ ਗਈ ਹੈ। ਦਿਲਪ੍ਰੀਤ ਫੁੱਲਾਂ ਵਾਲੇ ਚੌਕ ‘ਚ ਰਹਿੰਦਾ ਸੀ ਤੇ ਹੋਟਲਾਂ ‘ਚ ਕੋਲਾ ਸਪਲਾਈ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦਿਲਪ੍ਰੀਤ ਸਿੰਘ ਨੇ ਮਰਨ ਤੋਂ ਪਹਿਲਾਂ ਹਵਾਲਾਤ ਦੀ ਕੰਧ ‘ਤੇ ਆਪਣੇ ਸਹੁਰੇ ਤੇ ਪਤਨੀ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ।