ਦੁਬਈ ਦੀ ਜੇਲ੍ਹ ‘ਚੋਂ ਛੁੱਟ ਕੇ ਘਰ ਪਰਤਿਆ ਬੁੱਢੀ ਮਾਂ ਦਾ ਇਕਲੋਤਾ ਚਿਰਾਗ

TeamGlobalPunjab
2 Min Read

ਬਟਾਲਾ (ਗੁਰਪ੍ਰੀਤ ਚਾਵਲਾ): ਦੁਬਈ ‘ਚ ਕੰਮ ਕਰ ਰਹੀ ਸੰਸਥਾ ਪੀਸੀਟੀ ਹਿਊਮੈਨਿਟੀ ਦੇ ਮੁਖੀ ਜੁਗਿੰਦਰ ਸਿੰਘ ਸਲਾਰੀਆ ਅਤੇ ਆਪ ਆਗੂ ਸ਼ੈਰੀ ਕਲਸੀ ਦੇ ਯਤਨਾ ਸਦਕਾ ਅੱਜ ਇਕ ਅਜਿਹਾ ਨੌਜਵਾਨ ਦੁਬਈ ਦੀ ਜੇਲ੍ਹ ‘ਚੋਂ ਛੁੱਟ ਕੇ ਬਟਾਲਾ ਪਹੁੰਚ ਗਿਆ ਹੈ, ਜੋ ਬੁੱਢੀ ਮਾਂ ਦਾ ਇਕਲੋਤਾ ਚਿਰਾਗ ਹੈ। ਸੁਖਰਾਜ ਸਿੰਘ ਨਾਮ ਦਾ ਇਹ ਨੌਜਵਾਨ ਪੈਸੇ ਕਮਾਉਣ ਲਈ 4 ਸਾਲ ਪਹਿਲਾਂ ਦੁਬਈ ਗਿਆ ਸੀ ਪਰ ਉਥੇ ਮਾੜੀ ਸੰਗਤ ਵਿਚ ਪੈ ਕੇ ਉਹ ਆਪਣੀ ਹੀ ਕੰਪਨੀ ਵਿੱਚ ਚੋਰੀ ਕਰਦਾ ਫੜਿਆ ਗਿਆ। ਸੁਖਰਾਜ 2 ਸਾਲ ਤੋਂ ਦੁਬਈ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ। ਉਸ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ, ਜਦਕਿ ਬੁੱਢੀ ਮਾਂ ਨੇ  ਸਮਾਜ ਸੇਵੀ ਸੰਸਥਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸੁੱਖਰਾਜ ਦਾ ਚਾਰ ਲੱਖ ਰੁਪਿਆ ਜ਼ੁਰਮਾਨਾ ਭਰ ਕੇ ਉਸ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਕਰ ਦਿੱਤਾ।

ਸੁਖਰਾਜ ਸਿੰਘ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਹ ਦੁਬਈ ਗਿਆ ਤਾਂ ਪੈਸੇ ਕਮਾਉਣ ਲਈ ਸੀ ਪਰ ਮਾੜੀ ਸੰਗਤ ਕਾਰਨ ਉਸ ਨੇ ਕੰਪਨੀ ‘ਚ ਕੁਝ ਚੋਰੀ ਕਰ ਲਈ, ਜਿਸ ਕਾਰਨ ਉਸ ‘ਤੇ ਕੰਪਨੀ ਨੇ ਚਾਰ ਕੇਸ ਕਰ ਦਿੱਤੇ ਅਤੇ ਉਹ ਦੋ ਸਾਲਾਂ ਤੋਂ ਜੇਲ ‘ਚ ਸੀ। ਹੁਣ ਜੋਗਿੰਦਰ ਸਿੰਘ ਸਲਾਰੀਆ ਅਤੇ ਸ਼ੈਰੀ ਕਲਸੀ‌ ਦੇ ਕਾਰਨ ਉਸ ਨੂੰ ਨਵਾਂ ਜੀਵਨ ਮਿਲਿਆ ਹੈ ਅਤੇ ਉਹ ਮਾੜੇ ਕੰਮ ਛੱਡ ਕੇ ਆਪਣੀ ਬੁੱਢੀ ਮਾਂ ਦਾ ਸਹਾਰਾ ਬਣ ਸਕੇਗਾ।

ਆਮ ਆਦਮੀ ਪਾਰਟੀ ਦੇ ਆਗੂ ਸ਼ੈਰੀ ਕਲਸੀ ਨੇ ਦੱਸਿਆ ਕਿ ਸੁਖਰਾਜ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ ਅਤੇ ਉਹ ਆਪਣੀ ਮਾਂ ਦਾ ਇਕਲੌਤਾ ਸਹਾਰਾ ਹੈ। ਉਸ ਦੀ ਮਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਬੇਸ਼ੱਕ ਸੁਖਰਾਜ ਇਕ ਮਾੜੇ ਕੰਮ ਵਿੱਚ ਫਸਿਆ ਹੈ, ਪਰ ਜੇ ਉਹ ਕਿਸੇ ਤਰਾਂ ਵਾਪਸ ਆ ਜਾਵੇ ਤਾਂ ਮੇਰਾ ਬੁਢਾਪਾ ਸੌਖਾ ਹੋ ਜਾਵੇਗਾ। ਇੱਕ ਬਜ਼ੁਰਗ ਮਾਂ ਦੇ ਦਰਦ ਨੂੰ ਦੇਖਦੇ ਹੋਏ ਪੀਸੀਟੀ ਸੰਸਥਾ ਨੇ ਸੁੱਖਰਾਜ ਨੂੰ ਬਾਹਰ ਕਢਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਅੱਜ ਉਹ ਆਪਣੇ ਪਿੰਡ  ਬਟਾਲਾ ਪਹੁੰਚ ਗਿਆ ਹੈ।

Share This Article
Leave a Comment