ਗੁਰਦਾਸਪੁਰ : ਰੋਜੀ ਰੋਟੀ ਦੀ ਭਾਲ ‘ਚ ਵਿਦੇਸ਼ ਗਏ ਗੁਰਦਾਸਪੁਰ ਦੇ ਨੌਜਵਾਨ ਦਾ ਦਿਹਾਂਤ ਹੋ ਗਿਆ ਹੈ। ਮੇਜਰ ਸਿੰਘ ਪਿਛਲੇ 10 ਸਾਲਾਂ ਤੋਂ ਇਟਲੀ ਵਿੱਚ ਗਿਆ ਹੋਇਆ ਸੀ। ਬੀਤੀ ਰਾਤ ਮੇਜਰ ਸਿੰਘ ਦੀ ਉੱਥੇ ਮੌਤ ਹੋ ਗਈ। ਨੌਜਵਾਨ ਗੁਰਦਾਸਪੁਰ ਦੇ ਪਿੰਡ ਕੋਟ ਯੋਗਰਾਜ ਦਾ ਰਹਿਣ ਵਾਲਾ ਸੀ। ਜਿਵੇਂ ਹੀ ਮੇਜਰ ਸਿੰਘ ਦੀ ਮੌਤ ਦੀ ਖ਼ਬਰ ਪਿੰਡ ਪਹੁੰਚੀ ਤਾਂ ਸਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ। ਮੇਜਰ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰ ਮੁਤਾਬਕ ਮੇਜਰ ਸਿੰਘ ਦੋ ਸਾਲ ਪਹਿਲਾਂ ਪਿੰਡ ਆਇਆ ਸੀ। ਹੁਣ ਕੁਝ ਮਹੀਨੇ ਬਾਅਦ ਵਾਪਸ ਪਿੰਡ ਆਉਣ ਦਾ ਪਲਾਨ ਬਣਾ ਰਿਹਾ ਸੀ। ਪਰ ਬੀਤੀ ਰਾਤ ਉਹਨਾਂ ਨੂੰ ਇਟਲੀ ਤੋਂ ਫੋਨ ਆਇਆ ਕਿ ਮੇਜਰ ਸਿੰਘ ਨੂੰ ਦਿੱਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ।
ਪਰਿਵਾਰ ਨੇ ਕੇਂਦਰ ਸਰਕਾਰ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅੱਗੇ ਮਦਦ ਦੀ ਗੁਹਾਰ ਲਾਈ ਹੈ। ਪਰਿਵਾਰ ਨੇ ਮੰਗ ਕੀਤੀ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਵਾਪਸ ਭਾਰਤ ਲਿਆਉਣ ‘ਚ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਸਦੀਆਂ ਅੰਤਿਮ ਰਸਮਾਂ ਪਰਿਵਾਰ ਵਲੋਂ ਕੀਤੀਆਂ ਜਾ ਸਕਣ।