ਕੈਲੀਫੋਰਨੀਆ: ਅਮਰੀਕਾ ‘ਚ 32 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਜਗਦੀਪ ਦੇ ਘਰ ਲੁੱਟ ਦੇ ਇਰਾਦੇ ਨਾਲ ਦਾਖ਼ਲ ਹੋਏ 3 ਲੁਟੇਰਿਆਂ ਨੇ ਗੋਲੀਆਂ ਮਾਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਿਨ੍ਹਾਂ ‘ਚੋਂ ਇੱਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ 2 ਲੁਟੇਰੇ ਫਰਾਰ ਦੱਸੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਘਰ ਨੂੰ ਲੁੱਟਣ ਲਈ ਘਰ ਦੇ ਮੇਨ ਗੇਟ ‘ਤੇ ਦਸਤਕ ਦਿੱਤੀ ਸੀ। ਜਗਦੀਪ ਸਿੰਘ ਗੇਟ ਦੀ ਆਵਾਜ਼ ਸੁਣ ਕੇ ਜਦੋਂ ਗੇਟ ਖੋਲ੍ਹਣ ਗਿਆ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ।
ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬੰਗਾ ਦੇ ਜਗਦੀਪ ਸਿੰਘ ਦਾ ਪਰਿਵਾਰ 45 ਸਾਲ ਪਹਿਲਾਂ ਅਮਰੀਕਾ ਗਿਆ ਸੀ। ਜਗਦੀਪ ਦੇ ਪਰਿਵਾਰ ਵਿੱਚ ਉਸ ਦੀ ਮਾਤਾ, ਇੱਕ ਵੱਡਾ ਭਰਾ, ਭਰਜਾਈ ਦੋ ਭਤੀਜੇ ਹਨ। ਜਦਕਿ ਜਗਦੀਪ ਦੀਆਂ ਦੋ ਸਕੀਆਂ ਭੈਣਾਂ ਵੀ ਅਮਰੀਕਾ ‘ਚ ਹੀ ਵਿਆਹੀਆਂ ਹਨ। ਜਗਦੀਪ ਸਿੰਘ ਦਾ ਰਿਸ਼ਤਾ ਵੀ ਅਮਰੀਕਾ ਵਿੱਚ ਹੀ ਪੱਕਾ ਹੋ ਚੁੱਕਿਆ ਸੀ।
ਉੱਧਰ ਪੰਜਾਬ ਰਹਿੰਦੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਜਗਦੀਪ ਸਿੰਘ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ।