ਜਲੰਧਰ: ਪੰਜਾਬ ਸਕਾਲਰਸ਼ਿਪ ਘੁਟਾਲਾ ਮਾਮਲੇ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦਿੱਤੇ ਜਾਣ ਦਾ ਅਕਾਲੀ ਦਲ ਵੱਲੋਂ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਯੂਥ ਅਕਾਲੀ ਦਲ ਵੱਲੋਂ ਜਲੰਧਰ ਵਿੱਚ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਇਨ੍ਹਾਂ ਵਰਕਰਾਂ ਦੀ ਮੰਗ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ।
ਸਾਧੂ ਸਿੰਘ ਧਰਮਸੋਤ ਤੋਂ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਯੂਥ ਅਕਾਲੀ ਦਲ ਵਿੱਚ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ। ਇਸ ਸਬੰਧੀ ਯੂਥ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਨੇ ਨਕੋਦਰ ਰੋਡ ਤੱਕ ਰੈਲੀ ਕੱਢੀ ਅਤੇ ਡਾਕਟਰ ਬੀ.ਆਰ ਅੰਬੇਦਕਰ ਚੌਕ ਵਿੱਚ ਟ੍ਰੈਫਿਕ ਜਾਮ ਕਰ ਦਿੱਤਾ
ਇਸ ਧਰਨੇ ਪ੍ਰਦਰਸ਼ਨ ਵਿੱਚ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਸ਼ਾਮਲ ਹੋਏ। ਬੰਟੀ ਰੋਮਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਧੂ ਸਿੰਘ ਧਰਮਸੋਤ ਨੂੰ ਦਿੱਤੀ ਗਈ ਕਲੀਨ ਚਿੱਟ ਨੂੰ ਅਸੀਂ ਸਿਰੇ ਤੋਂ ਖਾਰਜ ਕਰਦੇ ਹਾਂ। ਬੰਟੀ ਰੋਮਾਣਾ ਨੇ ਕਿਹਾ ਕਿ ਜਦੋਂ ਕੈਬਨਿਟ ਮੰਤਰੀ ਖਿਲਾਫ ਸਾਰੇ ਸਬੂਤ ਹਨ ਫਿਰ ਕਲੀਨ ਚਿੱਟ ਕਿਸ ਗੱਲ ਤੋਂ ਦੇ ਦਿੱਤੀ ਗਈ ?