ਯੂਥ ਅਕਾਲੀ ਦਲ ਨੇ ਸਾਰੇ ਜ਼ਿਲ੍ਹਿਆਂ ‘ਚ ਧਰਮਸੋਤ ਦੇ ਪੁਤਲੇ ਸਾੜੇ, SC ਸਕਾਲਰਸ਼ਿਪ ਘੁਟਾਲੇ ਦੀ CBI ਜਾਂਚ ਦੀ ਕੀਤੀ ਮੰਗ

TeamGlobalPunjab
5 Min Read

ਚੰਡੀਗੜ੍ਹ: ਯੂਥ ਅਕਾਲੀ ਦਲ ਨੇ ਅੱਜ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਐਸ ਸੀ ਭਲਾਈ ਮੰਤਰੀ ਸਾਧੁ ਸਿੰਘ ਧਰਮਸੋਤ ਦੇ ਪੁਤਲੇ ਸਾੜੇ ਅਤੇ ਮੰਗ ਕੀਤੀ ਕਿ ਐਸ ਸੀ ਸਕਾਲਰਸ਼ਿਪ ਘੁਟਾਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਦਲਿਤ ਵਿਦਿਆਰਥੀਆਂ ਦੇ ਭਵਿੱਖ ਦੀ ਕੀਮਤ ‘ਤੇ ਦਾਗੀ ਮੰਤਰੀ ਦਾ ਬਚਾਅ ਨਾ ਕਰਨ।

ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਮੁਹਾਲੀ ਵਿਚ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ ਜਿਥੇ ਨਾਅਰੇ ਲਗਾਏ ਗਏ ਕਿ ‘ਧਰਮਸੋਤ ਸਾਧੂ ਨਹੀਂ ਚੋਰ ਹੈ’, ‘ਕੈਪਟਨ ਦਾ ਸਾਧੂ ਚੋਰ ਹੈ’। ਰੋਮਾਣਾ ਨੇ ਕਿਹਾ ਕਿ ਇਹ ਕਿਹੋ ਜਿਹਾ ਨਿਆਂ ਹੈ ਜਦੋਂ ਧਰਮਸੋਤ ਵੱਲੋਂ ਐਸ ਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ 69 ਕਰੋੜ ਰੁਪਏ ਦਾ ਘੁਟਾਲਾ ਕਰਨ ਅਤੇ 309 ਕਰੋੜ ਰੁਪਏ ਦੀ ਵੰਡ ਰੋਕਣ ਤੇ 811 ਕਰੋੜ ਰੁਪਏ ਦੀ ਗਲਤ ਤਰੀਕੇ ਵੰਡ ਕੀਤੇ ਜਾਣ ਦੀ ਰਿਪੋਰਟ ਮਿਲ ਗਈ ਗਈ ਹੈ ਪਰ ਫਿਰ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਵੇਰਵੇ ਸਾਂਝੇ ਕਰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਐਡੀਸ਼ਨਲ ਚੀਫ ਸੈਕਟਰੀ, ਜੋ ਕਿ ਐਸ ਸੀ ਭਲਾਈ ਵਿਭਾਗ ਦੇ ਇੰਚਾਰਜ ਹਨ, ਨੇ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਸੀ ਜਿਸਨੇ ਰਿਪੋਰਟ ਸੌਂਪੀ ਹੈ ਕਿ ਮੰਤਰੀ ਦੇ ਕਹਿਣ ‘ਤੇ ਜਾਰੀ ਕੀਤੇ ਗਏ 39 ਕਰੋੜ ਰੁਪਏ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ ਜਦਕਿ 24 ਕਰੋੜ ਰੁਪਏ ਧਰਮਸੋਤ ਨੇ ਉਹਨਾਂ ਵਿਦਿਅਕ ਅਦਾਰਿਆਂ ਨੂੰ ਜਾਰੀ ਕੀਤੇ ਹਨ ਜਿਹਨਾਂ ਖਿਲਾਫ ਪਿਛਲੀ ਵਸੂਲੀ ਹਾਲੇ ਬਾਕੀ ਹੈ। ਉਹਨਾਂ ਕਿਹਾ ਕਿ ਮੰਤਰੀ ਦੇ ਖਿਲਾਫ ਇਸ ਤੱਥਾਂ ‘ਤੇ ਆਧਾਰਿਤ ਰਿਪੋਰਟ ਦੇ ਬਾਵਜੂਦ ਮੁੱਖ ਮੰਤਰੀ ਨੇ ਧਰਮਸੋਤ ਨੂੰ ਕਲੀਨ ਚਿੱਟ ਦਿੰਦਿਆਂ ਇਸਦੀ ਜਾਂਚ ਮੁੱਖ ਸਕੱਤਰ ਨੂੰ ਸੌਂਪ ਦਿੱਤੀ। ਉਹਨਾਂ ਸਵਾਲ ਕੀਤਾ ਕਿ ਹੁਣ ਮੁੱਖ ਸਕੱਤਰ ਕਿਸਦੀ ਜਾਂਚ ਕਰਨਗੇ ? ਉਹਨਾਂ ਕਿਹਾ ਕਿ ਅਸੀਂ ਇਸ ਜਾਂਚ ਨੂੰ ਰੱਦ ਕਰਦੇ ਹਾਂ ਤੇ ਧਰਮਸੋਤ ਨੂੰ ਤੁਰੰਤ ਬਰਖ਼ਾਸਤ ਕੀਤੇ ਜਾਣ ਤੇ ਉਸਨੂੰ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕਰਦੇ ਹਾਂ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਫਿਰ ਅਸੀਂ ਇਸ ਚੋਰ ਦੇ ਖਿਲਾਫ ਸੰਘਰਸ਼ ਹੋਰ ਤੇਜ਼ ਕਰਾਂਗੇ।

ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਧਰਮਸੋਤ ਦਾ ਬਚਾਅ ਕਰ ਕੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ ਤੇ ਧਰਮਸੋਤ ਦਾ ਬਚਾਅ ਸਿਰਫ ਇਸ ਲਈ ਕਰ ਰਹੇ ਹਨ ਕਿ ਉਹ ਉਹਨਾਂ ਦੀ ਹਾਂ ਵਿਚ ਹਾਂ ਮਿਲਾਉਂਦਾ ਹੈ ਤੇ ਪਟਿਆਲਾ ਜ਼ਿਲ੍ਹੇ ਤੋਂ ਹੈ।

ਉਹਨਾਂ ਕਿਹਾ ਕਿ ਵਿਦਿਆਰਥੀ ਪਹਿਲਾਂ ਹੀ ਬਹੁਤ ਮੁਸ਼ਕਿਲਾਂ ਝੱਲ ਚੁੱਕੇ ਹਨ ਤੇ ਸੂਬੇ ਵਿਚ ਉਚੇਰੀ ਸਿੱਖਿਆ ਸੰਸਥਾਵਾਂ ਵਿਚ ਦਲਿਤ ਵਿਦਿਆਰਥੀਆਂ ਦਾ ਦਾਖਲਾ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ 3.30 ਲੱਖ ਤੋਂ ਘੱਟ ਕੇ 1.50 ਰਹਿ ਗਿਆ ਹੈ ਤੇ ਇਸ ਤਰੀਕੇ 1.80 ਲੱਖ ਦਲਿਤ ਵਿਦਿਆਰਥੀ ਘੱਟ ਗਏ ਹਨ। ਇਹੀ ਨਹੀਂ ਬਲਕਿ ਐਸ ਸੀ ਵਿਦਿਆਰਥੀਆਂ ਨੂੰ ਕਾਲਜ ਮੈਨੇਜਮੈਂਟਾਂ ਤੰਗ ਕਰ ਰਹੀਆਂ ਹਨ ਤੇ ਸਕਾਲਰਸ਼ਿਪ ਰਾਸ਼ੀ ਨਾ ਮਿਲਣ ਕਾਰਨ ਉਹਨਾਂ ਦੀਆਂ ਡਿਗਰੀਆਂ ਨਹੀਂ ਦੇ ਰਹੀਆਂ।

ਰੋਮਾਣਾ ਨੇ ਦਲਿਤ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਭਰੋਸਾ ਦੁਆਇਆ ਕਿ ਯੂਥ ਅਕਾਲੀ ਦਲ ਉਹਨਾਂ ਦੀ ਲੜਾਈ ਲੜੇਗਾ ਤੇ ਯਕੀਨੀ ਬਣਾਏਗਾ ਕਿ ਉਹਨਾਂ ਨੂੰ ਨਿਆਂ ਮਿਲੇ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਮਜਬੂਰ ਕਰ ਦਿਆਂਗੇ ਕਿ ਉਹ ਨਾ ਸਿਰਫ ਸਾਰੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਰਾਸ਼ੀ ਜਿਸ ਵਿਚ ਉਸ ਕੋਲ ਪਏ 309 ਕਰੋੜ ਰੁਪਏ ਵੀ ਸ਼ਾਮਲ ਹਨ, ਜਾਰੀ ਕਰੇ ਅਤੇ ਕੇਂਦਰ ਸਰਕਾਰ ਤੋਂ ਸਕੀਮ ਤਹਿਤ ਪਿਛਲੇ ਤਿੰਨ ਸਾਲਾਂ ਦੌਰਾਨ ਮਿਲੇ 811 ਕਰੋੜ ਰੁਪਏ ਦਾ ਆਡਿਟ ਕਰਵਾਇਆ ਜਾਵੇ।

ਯੂਥ ਅਕਾਲੀ ਦਲ ਨੇ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਥਾਵਰ ਚੰਦ ਗਹਿਲੋਤ ਦਾ ਧੰਨਵਾਦ ਕੀਤਾ ਜਿਹਨਾਂ ਨੇ ਘੁਟਾਲੇ ਦੀ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਪਰ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਸਿਫਾਰਸ਼ ਵੀ ਕਰਨ। ਉਹਨਾਂ ਕਿਹਾ ਕਿ ਘੁਟਾਲੇ ਦਾ ਪੱਧਰ ਵੇਖ ਕੇ ਤੇ ਭ੍ਰਿਸ਼ਟ ਮੰਤਰੀ ਦੀ ਮੁੱਖ ਮੰਤਰੀ ਤੇ ਕਾਂਗਰਸ ਹਾਈ ਕਮਾਂਡ ਵੱਲੋਂ ਕੀਤੀ ਜਾ ਰਹੀ ਪੁਸ਼ਤ ਪਨਾਹੀ ਨੂੰ ਵੇਖਦਿਆਂ ਇਹ ਸੀ ਬੀ ਆਈ ਜਾਂਚ ਜ਼ਰੂਰੀ ਵੀ ਹੈ ਕਿਉਂਕਿ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਇਹ ਸਾਰੇ ਹਿੱਸੇਦਾਰ ਹਨ। ਉਹਨਾਂ ਕਿਹਾ ਕਿ ਇਹ ਫੰਡ ਕਾਂਗਰਸ ਹਾਈ ਕਮਾਂਡ ਨੂੰ ਬਲਵਿੰਦਰ ਸਿੰਘ ਧਾਲੀਵਾਲ ਨੇ ਵੀ ਦਿੱਤੇ ਹਨ ਜਿਹਨਾਂ ਨੇ ਇਸ ਵਿਭਾਗ ਦੇ ਡਾਇਰੈਕਟਰ ਹੁੰਦਿਆਂ ਕੀਤੇ ਘੁਟਾਲੇ ਦੇ ਫੰਡਾਂ ਤੋਂ ਆਪਣੀ ਟਿਕਟ ਖਰੀਦੀ।

Share This Article
Leave a Comment