ਮੈਲਬਰਨ: ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ‘ਚ ਮਕਾਨ ਨੂੰ ਅੱਗ ਲੱਗਣ ਕਾਰਨ ਪੰਜਾਬੀ ਨੌਜਵਾਨ ਇੰਦਰਪਾਲ ਸੋਹਲ ਆਪਣੀ ਪਤਨੀ ਅਤੇ 19 ਦਿਨ ਦੀ ਬੱਚੀ ਸਣੇ ਜ਼ਿੰਦਾ ਝੁਲਸ ਕੇ ਰਾਖ ਹੋ ਗਏ।
ਪੁਲਿਸ ਨੇ ਇਸ ਮਾਮਲੇ ਵਿਚ 46 ਸਾਲਾ ਦੀ ਇਕ ਔਰਤ ਨੂੰ ਗ੍ਰਿਫ਼ਤਾਰ ਕਰਦਿਆਂ ਕਤਲ ਅਤੇ ਅਗਜ਼ਨੀ ਦੇ ਦੋਸ਼ ਆਇਦ ਕੀਤੇ ਹਨ। ਮੈਲਬਰਨ ਦੇ ਪੁਆਇੰਟ ਕੁਕ ਇਲਾਕੇ ਵਿਚ ਵਾਪਰੀ ਘਟਨਾ ਸਬੰਧੀ ਇੰਦਰਪਾਲ ਸੋਹਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਲਗਭਗ 5 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਆਸਟ੍ਰੇਲੀਆ ਗਿਆ ਸੀ ਅਤੇ ਆਸਟ੍ਰੇਲੀਅਨ ਵਸਨੀਕ ਐਬੀ ਫੌਰੈਸਟ ਨਾਲ ਵਿਆਹ ਕਰਵਾ ਲਿਆ। ਕੁਝ ਦਿਨ ਪਹਿਲਾਂ ਹੀ ਉਸ ਦੇ ਘਰ ਬੱਚੀ ਨੇ ਜਨਮ ਲਿਆ।
ਬੁੱਧਵਾਰ ਰਾਤ ਜੈਨੀ ਹੇਜ਼ ਨਾਮ ਦੀ ਔਰਤ ਨੇ ਕਿਸੇ ਪੁਰਾਣੀ ਰੰਜਿਸ਼ ਦੇ ਚਲਦਿਆਂ ਇੰਦਰਪਾਲ ਅਤੇ ਐਬੀ ਦੇ ਘਰ ਨੂੰ ਅੱਗ ਦੇ ਹਵਾਲੇ ਕਰ ਦਿਤਾ। ਦੱਸਿਆ ਜਾ ਰਿਹਾ ਹੈ ਕਿ ਆਸ-ਪਾਸ ਦੇ ਲੋਕਾਂ ਨੇ ਫ਼ਾਇਰ ਸਰਵਿਸ ਨੂੰ ਸੂਚਿਤ ਕੀਤਾ ਪਰ ਜਦੋਂ ਤੱਕ ਅੱਗ ਬੁਝੀ ਬਹੁਤ ਦੇਰ ਹੋ ਚੁੱਕੀ ਸੀ। ਉਧਰ ਪੁਲਿਸ ਨੇ ਦੱਸਿਆ ਕਿ ਜਦੋਂ ਅਫ਼ਸਰ ਮੌਕੇ ‘ਤੇ ਪੁੱਜੇ ਤਾਂ ਟਾਉਨ ਹਾਊਸ ਪੂਰੀ ਤਰ੍ਹਾਂ ਅੱਗ ਦੀਆਂ ਲਾਟਾਂ ਵਿੱਚ ਘਿਰ ਚੁੱਕਾ ਸੀ।
ਡਿਟੈਕਟਿਵ ਸਾਰਜੈਂਟ ਮਾਰਕ ਕੈਨੇਡੀ ਨੇ ਦੱਸਿਆ ਕਿ ਇਕ ਗੁਆਂਢੀ ਨੇ ਪੌੜੀ ਲਾ ਕੇ ਇੰਦਰਪਾਲ ਅਤੇ ਉਸ ਦੇ ਪਰਿਵਾਰ ਨੂੰ ਬਚਾਉਣ ਦਾ ਯਤਨ ਕੀਤਾ ਪਰ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ।