ਯੂਥ ਅਕਾਲੀ ਦਲ ਨੇ ਸ਼ਹੀਦੀ ਦਿਹਾੜੇ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 300 ਕਿਸਾਨਾਂ ਦੀ ਯਾਦ ’ਚ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਕੱਢਿਆ ਕੈਂਡਲ ਮਾਰਚ

TeamGlobalPunjab
3 Min Read

ਚੰਡੀਗੜ੍ਹ: ਯੂਥ ਅਕਾਲੀ ਦਲ ਨੇ ਅੱਜ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 300 ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸੂਬੇ ਦੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਕੈਂਡਲ ਮਾਰਚ ਕੱਢਿਆ।

ਕੈਂਡਲ ਮਾਰਚ ਦੌਰਾਨ ਯੂਥ ਅਕਾਲੀ ਦਲ ਦੇ ਮੈਂਬਰਾਂ ਨੇ ਮਹਾਨ ਸ਼ਹੀਦ ਦੀਆਂ ਤਸਵੀਰਾਂ ਵਾਲੇ ਪੋਸਟਰ ਚੁੱਕੇ ਹੋਏ ਸਨ ਜਦਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਕਿਸਾਨਾਂ ਦੇ ਨਾਵਾਂ ਵਾਲੀਆਂ ਤਖਤੀਆਂ ਵੀ ਚੁੱਕੀਆਂ ਹੋਈਆਂ ਸਨ।

ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਫਰੀਦਕੋਟ ਵਿਚ ਕੈਂਡਲ ਮਾਰਚ ਦੀ ਅਗਵਾਈ ਕੀਤੀ ਜਦਕਿ ਸੁਬੇ ਭਰ ਵਿਚ ਇਹਨਾਂ ਕੈਂਡਲ ਮਾਰਚਾਂ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਥੇ ਸ਼ਹੀਦ ਭਗਤ ਸਿੰਘ ਨੇ ਆਪਣੀ ਜਾਨ ਦੇਸ਼ ਵਾਸਤੇ ਵਾਰ ਦਿੱਤੀ ਤੇ ਅਜਿਹਾ ਬਿਗਲ ਵਜਾਇਆ ਜਿਸਦੀ ਬਦੌਲਤ ਦੇਸ਼ ਆਜ਼ਾਦ ਹੋਇਆ, ਉਥੇ ਹੀ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਕਿਸਾਨ ਬ੍ਰਿਟਿਸ਼ ਸ਼ਾਸਨ ਵਾਂਗ ਹੀ ਕਿਸਾਨਾਂ ਨੁੰ ਗੁਲਾਮ ਬਣਾਉਣ ਦੇ ਕਾਰਪੋਰੇਟ ਜਗਤ ਦੇ ਯਤਨਾਂ ਖਿਲਾਫ ਕਿਸਾਨ ਹੱਕਾਂ ਲਈ ਲੜਦਿਆਂ ਸ਼ਹੀਦ ਹੋਏ।

ਰੋਮਾਣਾ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਪੰਜਾਬ ਨੇ ਕਿਸਾਨ ਵਿਰੋਧੀ ਕਾਨੁੰਨ ਜਿਹਨਾਂ ਨੂੰ 1906 ਦੇ ਪੰਜਾਬ ਕੋਲੋਨਾਈਜੇ ਐਕਟ (ਸੋਧ) ਵਜੋਂ ਜਾਣਿਆ ਜਾਂਦਾ ਹੈ ਤੇ ਪਾਣੀ ਦੀਆਂ ਦਰਾਂ ਵਿਚ ਵਾਧੇ ਦੇ ਪ੍ਰਸ਼ਾਸਕ ਹੁਕਮਾਂ, ਦੇ ਖਿਲਾਫ ਪਗੜੀ ਸੰਭਾਲ ਜੱਟਾ ਲਹਿਰ ਵੀ ਖੜ੍ਹੀ ਹੋਈ ਵੇਖੀ ਹੈ ਜਦਕਿ ਹੁਣ ਸੂਬੇ ਵਿਚ ਤਿੰਨ ਕਾਨੁੰਨੀ ਖਿਲਾਫ ਲੋਕ ਲਹਿਰ ਖੜ੍ਹੀ ਹੋ ਗਈ ਹੈ ਕਿਉਂਕਿ ਇਹਨਾਂ ਕਾਨੁੰਨਾਂ ਦਾ ਮਕਸਦ ਖੇਤੀ ਜਿਣਸਾਂ ਲਈ ਐਮ ਐਸ ਪੀ ਖਤਮ ਕਰਵਾਉਣਾ ਹੈ। ਉਹਨਾਂ ਕਿਹਾ ਕਿ ਕਿਸਾਨ ਜੋ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ, ਉਹਨਾਂ ਨੇ ਕੌਮ ਦੇ ਨਾਲ ਨਾਲ ਦੇਸ਼ ਵਾਸਤੇ ਸਰਵਉਚ ਬਲਿਦਾਨ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕੁਰਬਾਨੀ ਨੁੰ ਵੀ ਇਸੇ ਤਰੀਕੇ ਯਾਦ ਕੀਤਾ ਜਾਵੇਗਾ ਜਿਵੇਂ ਭਗਤ ਸਿੰਘ ਦੀ ਸ਼ਹਾਦਤ, ਉਹਨਾਂ ਦੇ ਚਾਚਾ ਅਜੀਤ ਸਿੰਘ ਜਿਹਨਾਂ ਨੇ ਪਗੜੀ ਸੰਭਾਲ ਜੱਟਾ ਲਹਿਰ ਦੀ ਅਗਵਾਈ ਵੀ ਕੀਤੀ, ਨੂੰ ਜਾਣਿਆ ਜਾਂਦਾ ਹੈ।

ਕੈਂਡਲ ਮਾਰਚ ਪ੍ਰਤੀ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਭਰਵਾਂ ਹੁੰਗਾਰਾ ਵੇਖਣ ਨੁੰ ਮਿਲਿਆ ਤੇ ਵੱਡੀ ਗਿਣਤੀ ਵਿਚ ਲੋਕ ਯੂਥ ਅਕਾਲੀ ਦਲ ਦੇ ਵਾਲੰਟੀਅਰਾਂ ਨਾਲ ਆ ਰਲੇ ਤੇ ਕਿਸਾਨ ਅੰਦੋਲਨ ਤੇ ਇਸਦੇ ਸ਼ਹੀਦਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ।

Share This Article
Leave a Comment