ਅੰਮ੍ਰਿਤਸਰ: ਉੱਤਰ ਪ੍ਰਦੇਸ਼ ਦੀ ਇੱਕ ਸੰਸਥਾ ਵਰਲਡ ਐਕਸਕਲਿਉਸਿਵ ਅਵਾਰਡ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਨੂੰ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਦੇ ਸਨਮਾਨ ਨਾਲ ਨਵਾਜਿਆ ਹੈ।
ਸੰਸਥਾ ਦੇ ਪ੍ਰਧਾਨ ਪੰਕਜ ਮੋਟਵਾਨੀ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੂੰ ਸਨਮਾਨ ਸੌਂਪਿਆ।
ਮੋਟਵਾਨੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਹਰ ਰੋਜ਼ ਦੋ ਲੱਖ ਤੋਂ ਜ਼ਿਆਦਾ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ, ਦਰਸ਼ਨ ਕਰਨ ਤੋਂ ਬਾਅਦ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਚ ਲੰਗਰ ਛਕਦੇ ਹਨ। ਪੰਗਤ ਵਿੱਚ ਬੈਠ ਕੇ ਇਕੱਠੇ ਲੰਗਰ ਛਕਣ ਦੀ ਇਸ ਰਵਾਇਤ ਨਾਲ ਦੁਨੀਆ ਪ੍ਰਭਾਵਿਤ ਹੈ। ਲੰਗਰ ਤਿਆਰ ਕਰਨ ਅਤੇ ਵੰਡ ਛਕਣ ਤੋਂ ਲੈ ਕੇ ਭਾਂਡੇ ਮਾਂਜਣ ਦੀ ਪੂਰੀ ਵਿਵਸਥਾ ਇੱਕ ਮਿਸਾਲ ਹੈ।
ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਦੀਨਪੁਰ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਕਿਸੇ ਜਾਤੀ ਜਾਂ ਕਿਸੇ ਇੱਕ ਮਜ਼ਹਬ ਦਾ ਨਹੀਂ ਸਗੋਂ ਪੂਰੀ ਮਨੁੱਖਤਾ ਦਾ ਆਤਮਿਕ ਕੇਂਦਰ ਹੈ। ਇੱਥੇ ਕਦੇ ਕਿਸੇ ਦੇ ਨਾਲ ਮੱਤਭੇਦ ਨਹੀਂ ਕੀਤਾ ਜਾਂਦਾ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਸਭ ਲੋਕਾਂ ਲਈ ਖੁੱਲ੍ਹੇ ਹਨ।
ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਪੰਖ ਨਾਮ ਦੀ ਸੰਸਥਾ ਚਲਾ ਰਹੇ ਮੋਟਵਾਨੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਹੁਣ ਤੱਕ 150 ਤੋਂ ਜ਼ਿਆਦਾ ਸੰਸਥਾਵਾਂ ਨੂੰ ਸਨਮਾਨਤ ਕਰ ਚੁੱਕੀ ਹੈ।