ਦੁਬਈ : ਬੁਰਜ ਖਲੀਫਾ ਅਤੇ ਡੀਪ ਡਾਈਵ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਦੇ ਸਭ ਤੋਂ ਵੱਡੇ ਸ਼ਹਿਰ ਦੁਬਈ ‘ਚ ਹੁਣ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਉੱਚਾ ਆਬਜ਼ਰਵੇਸ਼ਨ ਵ੍ਹੀਲ ਖੁੱਲ੍ਹਣ ਜਾ ਰਿਹਾ ਹੈ। 21 ਅਕਤੂਬਰ ਨੂੰ ਇਸ ਨੂੰ ਲੋਕਾਂ ਲਈ ਖੋਲ੍ਹਿਆ ਜਾਵੇਗਾ।
ਆਬਜ਼ਰਵੇਸ਼ਨ ਵ੍ਹੀਲ ਕਿੰਨਾ ਵੱਡ ਆਕਾਰੀ ਹੈ ਇਸਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ 38 ਮਿੰਟ ‘ਚ ਇਕ ਚੱਕਰ ਪੂਰਾ ਕਰੇਗਾ ਅਤੇ ਲਗਭਗ 76 ਮਿੰਟ ‘ਚ ਦੋ ਚੱਕਰ ਲਗਾਏਗਾ।
ਗਲਫ਼ ਨਿਊਜ਼ ਦੀ ਰਿਪੋਰਟ ਮੁਤਾਬਕ ਲੰਡਨ ਆਈ ਦੀ ਉੱਚਾਈ ਤੋਂ ਲਗਪਗ ਦੋਗੁਣਾ ਇਹ ਆਬਜ਼ਰਵੇਸ਼ਨ ਵ੍ਹੀਲ ਸੈਲਾਨੀਆਂ ਨੂੰ 250 ਮੀਟਰ ਦੀ ਉਚਾਈ ਤਕ ਲੈ ਕੇ ਜਾਵੇਗਾ, ਜਿੱਥੋਂ ਲੋਕ ਦੁਬਈ ਦੇ ਮਨਮੋਹਕ ਦ੍ਰਿਸ਼ ਦਾ ਆਨੰਦ ਲੈ ਸਕਣਗੇ। ਇਹ ਦੁਬਈ ਬਲੂਵਾਟਰਜ਼ ਦੀਪ ‘ਤੇ ਸਥਿਤ ਹੈ ਤੇ ਦੁਬਈ ਦੇ ਵਿਸ਼ਵ ਰਿਕਾਰਡ ਤੋੜਣ ਵਾਲੇ ਆਕਰਸ਼ਣਾਂ ਦੀ ਲੰਬੀ ਸੂਚੀ ‘ਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

ਆਇਨ ਦੁਬਈ ‘ਚ ਆਕਾਸ਼ ‘ਚ ਭੋਜਨ ਕਰਨ ਦੀ ਸਹੂਲਤ ਦੇ ਨਾਲ-ਨਾਲ ਲੋਕਾਂ ਨੂੰ 19 ਤਰ੍ਹਾਂ ਦੇ ਵਿਸ਼ੇਸ਼ ਪੈਕੇਜ ਵੀ ਮਿਲਣਗੇ। ਇਸ ਤਹਿਤ ਜਨਮ ਦਿਨ, ਮੰਗਣੀ, ਵਿਆਹਾਂ ਤੇ ਵਪਾਰਕ ਕੰਮਾਂ ਲਈ ਜਸ਼ਨ ਪੈਕੇਜ ਵੀ ਉਪਲਬਧ ਹੋਣਗੇ। ਲੋਕ ਆਪਣੀ ਸਹੂਲਤ ਮੁਤਾਬਕ ਪੈਕੇਜ ਲੈ ਸਕਦੇ ਹਨ। ਇਸ ਨਾਲ ਹੀ ਇਸ ‘ਚ ਨਿੱਜੀ ਕੈਬਿਨ ਦੀ ਵੀ ਸਹੂਲਤ ਦਿੱਤੀ ਗਈ ਹੈ। ਨਿੱਜੀ ਕੈਬਿਨਾਂ ਨੂੰ ਵੀਆਈਪੀ ਮਹਿਮਾਨਾਂ ਦੀ ਸਹੂਲਤ ਮੁਤਾਬਕ ਬਦਲਿਆ ਜਾ ਸਕਦਾ ਹੈ।