-ਅਵਤਾਰ ਸਿੰਘ;
ਦੇਸ਼ ਦੇ ਸਭ ਤੋਂ ਸੰਘਣੀ ਜਨ ਸੰਖਿਆ ਵਾਲੇ ਸੂਬੇ ਉੱਤਰ ਪ੍ਰਦੇਸ਼ ’ਚ ਪ੍ਰਸਤਾਵਿਤ ਆਬਾਦੀ ਕੰਟਰੋਲ ਬਿੱਲ ਦਾ ਖਰੜਾ ਤਿਆਰ ਕੀਤਾ ਗਿਆ ਹੈ ਜਿਸ ਮੁਤਾਬਕ ਜਿਸ ਵਿਅਕਤੀ ਦੇ ਪਰਿਵਾਰ ਵਿੱਚ ਦੋ ਤੋਂ ਵੱਧ ਬੱਚੇ ਹੋਣਗੇ ਉਹ ਸਥਾਨਕ ਚੋਣਾਂ ਨਹੀਂ ਲੜ ਸਕਣਗੇ।
ਇਸੇ ਤਰ੍ਹਾਂ ਉਨ੍ਹਾਂ ਨੂੰ ਸਰਕਾਰੀ ਨੌਕਰੀ ਵੀ ਨਹੀਂ ਮਿਲੇਗੀ। ਸਰਕਾਰੀ ਨੌਕਰੀ ਕਰ ਰਹੇ ਦੋ ਤੋਂ ਵੱਧ ਬੱਚਿਆਂ ਵਾਲੇ ਕਰਮਚਾਰੀ ਨੂੰ ਵਿਭਾਗ ਵਿੱਚ ਤਰੱਕੀ ਵੀ ਨਹੀਂ ਮਿਲ ਸਕੇਗੀ। ਉਹ ਵਿਅਕਤੀ ਨਾ ਹੀ ਕਿਸੇ ਸਰਕਾਰੀ ਸਬਸਿਡੀ ਲੈਣ ਦੇ ਹੱਕਦਾਰ ਹੋਵੇਗਾ।
ਉੱਤਰ ਪ੍ਰਦੇਸ਼ ਸਟੇਟ ਲਾਅ ਕਮਿਸ਼ਨ ਦੀ ਵੈੱਬਸਾਈਟ ’ਤੇ ਲਿਖਿਆ ਗਿਆ ਹੈ ਕਿ ਪ੍ਰਦੇਸ਼ ਲਾਅ ਕਮਿਸ਼ਨ ਸੂਬੇ ਦੀ ਆਬਾਦੀ ’ਤੇ ਕੰਟਰੋਲ, ਸਥਿਰਤਾ ਲਿਆਉਣ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ।
ਬਿੱਲ ਦੇ ਤਿਆਰ ਕੀਤੇ ਖਰੜੇ ਉਪਰ ਮੋਹਰ ਲਗਵਾਉਣ ਲਈ ਲੋਕਾਂ ਤੋਂ 19 ਜੁਲਾਈ ਤੱਕ ਸੁਝਾਅ ਮੰਗੇ ਗਏ ਹਨ। ਬਿਲ ਦੇ ਖਰੜੇ ਅਨੁਸਾਰ ਦੋ ਬੱਚਿਆਂ ਵਾਲੇ ਸਰਕਾਰੀ ਮੁਲਾਜ਼ਮ ਨੂੰ ਸੇਵਾਕਾਲ ਦੌਰਾਨ ਤਨਖਾਹ ’ਚ ਦੋ ਵਾਧੇ (ਇੰਕਰੀਮੈਂਟ), ਪੂਰੀ ਤਨਖ਼ਾਹ ਅਤੇ ਭੱਤਿਆਂ ਸਮੇਤ 12 ਮਹੀਨਿਆਂ ਦੀ ਪ੍ਰਸੂਤਾ ਜਾਂ ਪੈਟਰਨਿਟੀ ਛੁੱਟੀ ਤੋਂ ਇਲਾਵਾ ਨੈਸ਼ਨਲ ਪੈਨਸ਼ਨ ਸਕੀਮ ਤਹਿਤ ਮੁਲਾਜ਼ਮਾਂ ਦੇ ਯੋਗਦਾਨ ਫੰਡ ’ਚ ਤਿੰਨ ਫ਼ੀਸਦੀ ਦਾ ਵਾਧਾ ਕੀਤਾ ਜਾਵੇਗਾ।
ਕਾਨੂੰਨ ਲਾਗੂ ਕਰਨ ਲਈ ਪ੍ਰਦੇਸ਼ ਆਬਾਦੀ ਫੰਡ ਬਣੇਗਾ। ਖਰੜੇ ਮੁਤਾਬਿਕ ਸਾਰੇ ਪ੍ਰਾਇਮਰੀ ਸਿਹਤ ਕੇਂਦਰਾਂ (ਪੀ ਐਚ ਸੀ) ’ਚ ਮੈਟਰਨਿਟੀ ਕੇਂਦਰ ਬਣਾਏ ਜਾਣਗੇ। ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਸਾਰੇ ਸੈਕੰਡਰੀ ਸਕੂਲਾਂ ’ਚ ਆਬਾਦੀ ਕੰਟਰੋਲ ਨਾਲ ਸਬੰਧਤ ਲਾਜ਼ਮੀ ਵਿਸ਼ਾ ਤਿਆਰ ਕਰੇ।
ਵਧਦੀ ਆਬਾਦੀ, ਨਿਰੀ ਬਰਬਾਦੀ
ਸੰਨ 2017 ਵਿੱਚ ਦੁਨੀਆ ਦੀ ਆਬਾਦੀ 750 ਕਰੋੜ ਸੀ ਜਿਸ ਵਿੱਚੋਂ 18.5 ਫ਼ੀਸਦੀ ਹਿੱਸਾ ਚੀਨ ਵਿੱਚ 17.9 ਫ਼ੀਸਦੀ ਹਿੱਸਾ ਭਾਰਤ ਵਿੱਚ ਵੱਸਦਾ ਸੀ ਜਦੋਂ ਕਿ ਅਮਰੀਕਾ ਅਤੇ ਜਰਮਨੀ ਵਿੱਚ ਕ੍ਰਮਵਾਰ 4.3 ਅਤੇ 1.1 ਫ਼ੀਸਦੀ ਆਬਾਦੀ ਵੱਸਦੀ ਸੀ ਪਰ ਹੁਣ ਸੰਨ 2020 ਵਿੱਚ ਇਹ ਹਿੱਸਾ ਭਾਰਤ ‘ਚ 17.5,ਅਮਰੀਕਾ ਵਿੱਚ 4.23 ਅਤੇ ਜਰਮਨੀ ਵਿੱਚ 1.07 ਫ਼ੀਸਦੀ ਹੋ ਚੁੱਕਾ ਸੀ । ਦਿਲਚਸਪ ਤੱਥ ਹੈ ਕਿ ਹਰੇਕ 14 ਮਹੀਨਿਆਂ ਬਾਅਦ ਦੁਨੀਆਂ ਦੀ ਆਬਾਦੀ ਦਸ ਕਰੋੜ ਵਧ ਜਾਂਦੀ ਹੈ। ਸੰਨ 2016 ਵਿੱਚ ਦੁਨੀਆਂ ਦੀ ਆਬਾਦੀ 740 ਕਰੋੜ ਸੀ ਤੇ ਸੰਨ 2019 ਵਿੱਚ ਇਹ ਵਧ ਕੇ 770 ਕਰੋੜ ਹੋ ਗਈ ਸੀ। ਅੱਜ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਚੀਨ ‘ਚ ਵੱਸਦੀ ਹੈ ਜਦੋਂ ਕਿ ਭਾਰਤ ਆਬਾਦੀ ਪੱਖੋਂ ਦੁਨੀਆਂ ‘ਚ ਦੂਜੇ ਨੰਬਰ ‘ਤੇ ਹੈ। ਬੀਤੇ ਵਰ੍ਹੇ ਚੀਨ ਦੀ ਆਬਾਦੀ 147 ਕਰੋੜ ਤੇ ਭਾਰਤ ਦੀ 130 ਕਰੋੜ ਤੋਂ ਵੱਧ ਸੀ। ਜਨਸੰਖਿਆ ਵਿਗਿਆਨੀਆਂ ਅਨੁਸਾਰ ਸੰਨ 2020 ਵਿੱਚ ਜਾਪਾਨ ਅਤੇ ਦੱਖਣੀ ਕੋਰੀਆ ਦੀ ਆਬਾਦੀ ਵਿੱਚ ਗਿਰਾਵਟ ਦਰਜ ਹੋਣੀ ਸ਼ੁਰੂ ਹੋ ਗਈ ਹੈ ਜਦੋਂ ਕਿ ਸੰਨ 2031 ਵਿੱਚ ਚੀਨ ਦੀ ਆਬਾਦੀ ਸਿਖਰ ‘ਤੇ ਪੁੱਜਣ ਪਿੱਛੋਂ ਗਿਰਾਵਟ ਦਰਜ ਕਰੇਗੀ। ਇੱਕ ਅੰਦਾਜ਼ੇ ਅਨੁਸਾਰ ਸੰਨ 2059 ਵਿੱਚ ਭਾਰਤ ਦੀ ਆਬਾਦੀ 170 ਕਰੋੜ ਹੋ ਜਾਵੇਗੀ।
ਅੱਜ ਵਿਸ਼ਵ ਆਬਾਦੀ ਦਿਵਸ ਹੈ। ਇਸ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਯੂਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ ਦੀ ਗਵਰਨਿੰਗ ਕੌਂਸਲ ਨੇ ਵਿਸ਼ਵ ਬੈਂਕ ਦੇ ਸੀਨੀਅਰ ਡੈਮੋਗ੍ਰਾਫ਼ਰ ਵਜੋਂ ਸੇਵਾ ਨਿਭਾਅ ਰਹੇ ਡਾ. ਕੇ.ਸੀ.ਜ਼ਕਾਰੀਆ ਦੀ ਸਲਾਹ ‘ਤੇ ਸੰਨ 1989 ਵਿੱਚ ਕੀਤੀ ਸੀ ਕਿਉਂਕਿ 11 ਜੁਲਾਈ,ਸੰਨ 1987 ਦੇ ਦਿਨ ਦੁਨੀਆਂ ਦੀ ਆਬਾਦੀ ਨੇ 500 ਕਰੋੜ ਦੇ ਯਾਦਗਾਰੀ ਅੰਕੜੇ ਨੂੰ ਛੂਹਿਆ ਸੀ। ਅੱਜ ਦੇ ਦਿਨ ਨੂੰ ਵਿਸ਼ਵ ਆਬਾਦੀ ਦਿਵਸ ਵਜੋਂ ਮਨਾਉਣ ਦੀ ਸ਼ੁਰੂਆਤ ਕਰਨ ਦਾ ਮੁੱਖ ਮੰਤਵ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਇਸ ਧਰਤੀ ਗ੍ਰਹਿ ‘ਤੇ ਵਧ ਰਹੇ ਆਬਾਦੀ ਭਾਰ ਵੱਲ ਦੁਆਉਣਾ ਸੀ ਤੇ ਉਨ੍ਹਾ ਦਰਮਿਆਨ ਇਹ ਚਰਚਾ ਛੇੜਨਾ ਸੀ ਕਿ ਆਬਾਦੀ ਦੇ ਵਾਧੇ ਨਾਲ ਹਰੇਕ ਮੁਲਕ ਦੇ ਕੁਦਰਤੀ ਸਰੋਤਾਂ ਦਾ ਬੁਰਾ ਹਾਲ ਹੋ ਰਿਹਾ ਹੈ। ਇਸ ਦਿਨ ਨੂੰ ਮਨਾਉਣ ਪਿੱਛੇ ਇੱਕ ਮਕਸਦ ਇਹ ਵੀ ਹੈ ਕਿ ਧਰਤੀਵਾਸੀਆਂ ਦਾ ਧਿਆਨ ਆਬਾਦੀ ‘ਤੇ ਕਾਬੂ ਪਾਉਣ,ਗ਼ਰੀਬੀ ਅਤੇ ਅਣਪੜ੍ਹਤਾ ਘਟਾਉਣ, ਲਿੰਗ ਆਧਾਰਿਤ ਵਿਤਕਰਾ ਖ਼ਤਮ ਕਰਨ, ਗਰਭਵਤੀ ਔਰਤਾਂ ਦੀ ਹਾਲਤ ਸੁਧਾਰਨ ਅਤੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਵੱਲ ਦੁਆਇਆ ਜਾ ਸਕੇ। ਇਹ ਦਿਨ ਸਾਨੂੰ ਚੇਤੇ ਕਰਵਾਉਂਦਾ ਹੈ ਕਿ ਦੁਨੀਆਂ ਭਰ ਦੇ ਕੁਦਰਤੀ ਸਰੋਤਾਂ ਤੋਂ ਦਬਾਅ ਘਟਾਉਣ ਲਈ ਆਬਾਦੀ ਦਾ ਘਟਣਾ ਬੜਾ ਜ਼ਰੂਰੀ ਹੈ। ਜੇਕਰ ਵਰਤਮਾਨ ਦਰ ਨਾਲ ਦੁਨੀਆ ਦੀ ਆਬਾਦੀ ਵਧਦੀ ਰਹੀ ਤਾਂ ਸਾਫ਼ ਪਾਣੀ ਅਤੇ ਸਾਫ਼ ਹਵਾ ਲਈ ਜੂਝ ਰਹੀ ਅਜੋਕੀ ਦੁਨੀਆਂ ਦਾ ਭਵਿੱਖ ਕੋਈ ਬਹੁਤ ਵਧੀਆ ਨਹੀਂ ਹੋਵੇਗਾ ਤੇ ਵਿਦਵਾਨਾਂ ਦਾ ਰਾਏ ਹੈ ਕਿ ਹੋ ਸਕਦਾ ਹੈ ਅਗਲਾ ਵਿਸ਼ਵ ਯੁੱਧ ਸਾਫ਼ ਪਾਣੀ ਅਤੇ ਸਾਫ਼ ਹਵਾ ਦੀ ਪ੍ਰਾਪਤੀ ਲਈ ਲੜਿ੍ਹਆ ਜਾਵੇ।
ਕੁੱਲ ਦੁਨੀਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਬੇਹੱਦ ਦਿਲਚਸਪ ਗੱਲਾਂ ਸਾਹਮਣੇ ਆਉਂਦੀਆਂ ਹਨ। ਜੇਕਰ ਪ੍ਰਤੀ ਵਰਗ ਕਿਲੋਮੀਟਰ ਖੇਤਰ ਵਿੱਚ ਆਬਾਦੀ ਦੀ ਘਣਤਾ ਦੀ ਗੱਲ ਕਰੀਏ ਤਾਂ ਚੀਨ ਵਿੱਚ ਇਹ ਅੰਕੜਾ 153,ਭਾਰਤ ਵਿੱਚ 464,ਇੰਡੋਨੇਸ਼ੀਆ ਵਿੱਚ 151 ਅਤੇ ਅਮਰੀਕਾ ਵਿੱਚ 36 ਵਿਅਕਤੀ ਹੈ। ਦੁਨੀਆਂ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਚੀਨ ਦੀ ਮੰਦਾਰਿਨ ਭਾਸ਼ਾ ਹੈ ਅਤੇ ਦੁਨੀਆ ਦਾ ਸਭ ਤੋਂ ਵੱਧ ਅਮੀਰ ਦੇਸ਼ ਕਤਰ ਹੈ ਜਿੱਥੇ ਪ੍ਰਤੀ ਵਿਅਕਤੀ ਔਸਤ ਆਮਦਨ 1,16,799 ਅਮਰੀਕੀ ਡਾਲਰ ਹੈ ਜਦੋਂ ਕਿ ਸਭ ਤੋਂ ਗ਼ਰੀਬ ਮੁਲਕ ਬਰੁੂੰਡੀ ਹੈ ਜਿੱਥੇ ਪ੍ਰਤੀ ਵਿਅਕਤੀ ਔਸਤ ਆਮਦਨ ਕੇਵਲ 727 ਡਾਲਰ ਹੈ। ਦੁਨੀਆ ਦਾ ਆਬਾਦੀ ਪੱਖੋਂ ਸਭ ਤੋਂ ਛੋਟਾ ਦੇਸ਼ ਯੂਨਾਇਟਿਡ ਕਿੰਗਡਮ ਭਾਵ ਯੂ.ਕੇ.ਅਧੀਨ ਆਉਂਦੇ ਪਿਟਕੈਰਨ ਟਾਪੂ ਹਨ ਜਿੱਥੋਂ ਦੀ ਕੁੱਲ ਆਬਾਦੀ ਕੇਵਲ 50 ਹੀ ਵਿਅਕਤੀ ਹਨ।
ਇੱਕ ਅੰਦਾਜ਼ੇ ਅਨੁਸਾਰ ਸੰਨ 2021 ਵਿੱਚ ਭਾਰਤ ਦੀ ਆਬਾਦੀ 138.7 ਕਰੋੜ ਹੋ ਜਾਵੇਗੀ ਜੋ ਕਿ ਦੁਨੀਆਂ ਦੀ ਕੁੱਲ ਆਬਾਦੀ ਦਾ 17.7 ਫ਼ੀਸਦੀ ਹੋਵੇਗੀ। ਸੰਨ 2017 ਵਿੱਚ ਇੱਥੇ ਔਸਤ ਉਮਰ 69 ਸਾਲ ਦੇ ਕਰੀਬ ਸੀ ਤੇ ਸਭ ਤੋਂ ਵੱਧ ਜਾਨਲੇਵਾ ਰੋਗ ਦਿਲ ਨਾਲ ਸਬੰਧਿਤ ਰੋਗ ਸਨ ਜਿਨ੍ਹਾ ਨਾਲ ਉਸ ਵਰ੍ਹੇ ਵਿੱਚ ਸਾਢੇ ਦਸ ਲੱਖ ਤੋਂ ਵੱਧ ਵਿਅਕਤੀਆਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ। ਖੇਤਰਫਲ ਪੱਖੋਂ ਦੁਨੀਆਂ ਦਾ ਸੱਤਵਾਂ ਦੇਸ਼ ਮੰਨੇ ਜਾਣ ਵਾਲੇ ਸਾਡੇ ਦੇਸ਼ ਵਿੱਚ ਸੰਨ 2017 ਅੰਦਰ ਪ੍ਰਤੀ ਮਹਿਲਾ ਬੱਚਿਆਂ ਦੀ ਜਨਮ ਦਰ 2.24 ਸੀ। ਸਾਲ 2018 ਦੇ ਅਕੰੜਿਆਂ ਅਨੁਸਾਰ ਭਾਰਤ ਦੀ ਕੁੱਲ ਆਬਾਦੀ ਦਾ ਅੱਸੀ ਫ਼ੀਸਦੀ ਦੇ ਕਰੀਬ ਹਿੱਸਾ ਭਾਵ 96.63 ਕਰੋੜ ਲੋਕ ਹਿੰਦੂ ਧਰਮ ਨਾਲ ਸਬੰਧਿਤ ਸਨ ਅਤੇ ਮੁਸਲਮਾਨਾਂ,ਈਸਾਈਆਂ ਅਤੇ ਸਿੱਖਾਂ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦਾ ¬ਕ੍ਰਮਵਾਰ 17.22 ਫ਼ੀਸਦੀ ,2.3 ਫ਼ੀਸਦੀ ਅਤੇ 1.7 ਫ਼ੀਸਦੀ ਸੀ ਭਾਵ ਦੇਸ਼ ਲਈ ਸਭ ਤੋਂ ਵੱਧ ਬਲਿਦਾਨ ਦੇਣ ਵਾਲੇ ਸਿੱਖਾਂ ਦੀ ਆਬਾਦੀ ਮੁਲਕ ਦੀ ਕੁੱਲ ਆਬਾਦੀ ਦਾ ਦੋ ਫ਼ੀਸਦੀ ਵੀ ਨਹੀਂ ਰਹਿ ਗਈ ਸੀ ਜਦੋਂ ਕਿ ਸਿੱਖਾਂ ਦੀਆਂ ਪ੍ਰਚਾਰ ਸੰਸਥਾਵਾਂ ਸਿੱਖਾਂ ਦੀ ਸੰਖਿਆਂ ਵਿੱਚ ਵਾਧੇ ਦੇ ਅੰਕੜੇ ਦਿੰਦਿਆਂ ਨਹੀਂ ਥੱਕਦੀਆਂ ਸਨ।
ਮੁੱਕਦੀ ਗੱਲ ਇਹ ਹੈ ਕਿ ਦੁਨੀਆ ਦੇ ਵੱਡੇ ਛੋਟੇ ਸਭ ਮੁਲਕਾਂ ਦੇ ਰਾਜਨੇਤਾਵਾਂ ਅਤੇ ਸਮਾਜ ਸੇਵੀਆਂ ਨੂੰ ਸਿਰ ਜੋੜ ਕੇ ਅਜਿਹੀਆਂ ਨੀਤੀਆਂ ਘੜਨ ਅਤੇ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ ਜਿਨ੍ਹਾ ਨਾਲ ਆਬਾਦੀ ‘ਤੇ ਕਾਬੂ ਪਾਇਆ ਜਾ ਸਕੇ ਤੇ ਇਸ ਸੁੰਦਰ ਗ੍ਰਹਿ ਨੂੰ ਬਦਸੁੂਰਤ ਬਣਨ ਤੋਂ ਬਚਾਇਆ ਜਾ ਸਕੇ। ਭਾਰਤ ਨੇ ਜੇਕਰ ਆਬਾਦੀ ਪੱਖੋਂ ਦੁਨੀਆਂ ਦਾ ਅੱਵਲ ਮੁਲਕ ਨਹੀਂ ਬਣਨਾ ਹੈ ਤਾਂ ਇੱਥੋਂ ਦੇ ਲੋਕਾਂ ਨੂੰ ਆਬਾਦੀ ਨੂੰ ਧਰਮ ਨਾਲ ਜੋੜਨ ਦੀ ਥਾਂ ਦੇਸ਼ ਦੀ ਤਰੱਕੀ ਨਾਲ ਜੋੜ ਕੇ ਵੇਖਣ ਦੀ ਆਦਤ ਪਾਉਣੀ ਪਏਗੀ। ਇੱਥੋਂ ਅਣਪੜ੍ਹਤਾ ਅਤੇ ਗ਼ਰੀਬੀ ਦਾ ਜੇ ਖ਼ਾਤਮਾ ਕਰਨਾ ਹੈ ਤਾਂ ਆਬਾਦੀ ‘ਤੇ ਕਾਬੂ ਪਾਉਣਾ ਹੀ ਇਸਦਾ ਇੱਕਮਾਤਰ ਹੱਲ ਹੈ। ਇੱਥੇ ਵੱਸੋਂ ਦੀ ਸੰਖਿਆ ਦੇ ਨਾਲ ਨਾਲ ਵੱਸੋਂ ਦੀ ਘਣਤਾ ਘਟਾ ਕੇ ਅਤੇ ਪ੍ਰਤੀ ਵਿਅਕਤੀ ਔਸਤ ਆਮਦਨ ਵਧਾ ਕੇ ਹੀ ਅਸੀਂ ਆਪਣੇ ਮੁਲਕ ਤੇ ਮੁਲਕਵਾਸੀਆਂ ਨੂੰ ਖ਼ੁਸ਼ਹਾਲ ਬਣਾ ਪਾਵਾਂਗੇ। ਅੱਜ ਦਾ ਦਿਨ ਹਰੇਕ ਸੰਸਾਰਵਾਸੀ ਲਈ ਆਤਮ-ਮੰਥਨ ਦੀ ਮੰਗ ਕਰਦਾ ਹੈ ਕਿ ਉਹ ਆਪਣੇ ਪਰਿਵਾਰ,ਆਪਣੇ ਰਾਜ,ਆਪਣੇ ਦੇਸ਼ ਅਤੇ ਆਪਣੀ ਦੁਨੀਆਂ ਦੇ ਭਲੇ ਲਈ ਆਬਾਦੀ ‘ਤੇ ਕਾਬੂ ਪਾਉਣ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਵੇ।
-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਮੋਬਾਇਲ: 97816-46008