-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਹਿੰਦੀ ਦੀ ਇੱਕ ਮਸ਼ਹੂਰ ਕਵਿਤਾ ਦੇ ਬੋਲ ਹਨ:
ਮੈਂ ਅਪਨੇ ਛੋਟੇ ਸੇ ਮੁਖ ਸੇ ਕੈਸੇ ਕਰੂੰ ਗੁਣਗਾਨ
ਮਾਂ ਤੇਰੀ ਮਮਤਾ ਕੇ ਆਗੇ, ਫ਼ੀਕਾ ਹੈ ਭਗਵਾਨ।
ਇਹ ਬੋਲ ਅੱਖਰ ਅੱਖਰ ਸੱਚ ਹਨ ਕਿਉਂਕਿ ਮਾਂ ਤਾਂ ਸਚਮੁੱਚ ਹੀ ਰੱਬ ਤੋਂ ਵੀ ੳੁੱਚਾ ਦਰਜਾ ਰੱਖਦੀ ਹੈ। ਰੱਬ ਤਾਂ ਇਨਸਾਨ ਨੂੰ ਜਨਮ ਦਿੰਦਾ ਹੈ,ਪਾਲਦਾ ਹੈ,ਦੁੱਖ ਤੇ ਸੁੱਖ ਦਿੰਦਾ ਹੈ ਤੇ ਅੰਤ ਵਿੱਚ ਮੌਤ ਦਿੰਦਾ ਹੈ ਪਰ ਮਾਂ..ਮਾਂ ਤਾਂ ਜਨਮ ਦਿੰਦੀ ਹੈ,ਪਾਲਦੀ ਹੈ,ਕੇਵਲ ਸੁੱਖ ਦਿੰਦੀ ਹੈ ਤੇ ਔਲ੍ਹਾਦ ਲਈ ਸੁੱਖ ਮੰਗਦੀ ਹੈ ਤੇ ਔਲ੍ਹਾਦ ਨੂੰ ਸਦਾ ਜ਼ਿੰਦਗੀ ਦਿੰਦੀ ਹੈ, ਰੱਬ ਦੀ ਤਰ੍ਹਾਂ ਮੌਤ ਨਹੀਂ। ਉਹ ਆਖ਼ਰੀ ਸਾਹ ਤੱਕ ਵੀ ਆਪਣੇ ਬੱਚਿਆਂ ਦੀ ਬਿਹਤਰੀ ਲਈ ਸਮਰਪਿਤ ਰਹਿੰਦੀ ਹੈ। ਸ਼ਾÎਇਰ ਮੁਨੱਵਰ ਰਾਣਾ ਦਾ ਸ਼ੇਅਰ ਹੈ –
ਲਬੋਂ ਪੇ ਉਸਕੇ ਕÎਭੀ ਬਦਦੁਆ ਨਹੀਂ ਹੋਤੀ
ਬਸ ਏਕ ਮਾਂ ਹੈ ਜੋ ਮੁਝਸੇ ਖ਼ਫ਼ਾ ਨਹੀਂ ਹੋਤੀ।
ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਇੱਕ ਵਾਰ ਕਿਹਾ ਸੀ-‘‘ ਮੈਂ ਜੋ ਵੀ ਹਾਂ ਜਾਂ ਜੋ ਵੀ ਹੋ ਸਕਦਾ ਹਾਂ ਕੇਵਲ ਤੇ ਕੇਵਲ ਆਪਣੀ ਮਾਂ ਦੀ ਬਦੌਲਤ ਹਾਂ।’’ ਵਾਕਿਆ ਹੀ ਮਾਂ ਦੀ ਹਰੇਕ ਸ਼ਖ਼ਸ ਦੇ ਜੀਵਨ ਵਿੱਚ ਵੱਡੀ ਭੂਮਿਕਾ ਹੁੰਦੀ ਹੈ ਤੇ ਇੱਕ ਮਾਂ ਆਪ ਗਿੱਲੇ ਤੇ ਪੈ ਕੇ ਵੀ ਆਪਣੇ ਬੱਚੇ ਨੂੰ ਸੁੱਕੇ ‘ਤੇ ਰੱਖਦੀ ਹੈ ਤੇ ਆਪ ਭੁੱਖੀ ਰਹਿ ਕੇ ਆਪਣੇ ਬੱਚੇ ਦਾ ਪੇਟ ਭਰਦੀ ਹੈ। ਉਸਦਾ ਸਾਰਾ ਜੀਵਨ ਮੋਹ,ਪਿਆਰ,ਸੇਵਾ ਅਤੇ ਤਿਆਗ ਵਿੱਚ ਗੁਜ਼ਰ ਜਾਂਦਾ ਹੈ। ਮਾਂ ਸਦਾ ਹੀ ਨਿਰਛਲ ਤੇ ਨਿਰਮਲ ਪਿਆਰ ਦਾ ਸੋਮਾ ਹੁੰਦੀ ਹੈ। ਅਮਰੀਕੀ ਲੇਖਕ ਮਿੱਚ ਐਲਬਮ ਦੇ ਬੋਲ ਹਨ-‘‘ ਦੁਨੀਆ ਵਿੱਚ ਜੇਕਰ ਤੁਹਾਨੂੰ ਨਿਰਛਲ ਤੇ ਨਿਰਮਲ ਪਿਆਰ ਦੀ ਤਲਾਸ਼ ਹੋਵੇ ਤਾਂ ਇਹ ਤੁਹਾਨੂੰ ਆਪਣੀ ਮਾਂ ਦੀਆਂ ਮਮਤਾ ਭਰੀਆਂ ਅੱਖਾਂ ਵਿੱਚ ਜ਼ਰੂਰ ਮਿਲ ਜਾਏਗਾ। ’’
ਅੱਜ 9 ਮਈ ਦੇ ਦਿਨ ਦੁਨੀਆਂ ਭਰ ਵਿੱਚ ਕੌਮਾਂਤਰੀ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਸਮੇਤ ਦੁਨੀਆਂ ਦੇ ਅਧਿਕਤਰ ਮੁਲਕਾਂ ਵਿੱਚ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਇਹ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। ਅਮਰੀਕਾ ਦੇ ਪੱਛਮੀ ਵਰਜੀਨਿਆ ਇਲਾਕੇ ਦੀ ਵਾਸੀ ਐਨਾ ਜਾਰਵਿਸ ਨਾਮਕ ਇੱਕ ਔਰਤ ਦੀ ਮਾਂ ਐਨਾ ਰੀਵ ਜਾਰਵਿਸ ਦੀ ਦਿਲੀ ਚਾਹਤ ਸੀ ਕਿ ਦੁਨੀਆਂ ਵਿੱਚ ਮਾਂ ਨੂੰ ਸਮਰਪਿਤ ਵੀ ਇੱਕ ਦਿਨ ਮਨਾਇਆ ਜਾਣਾ ਚਾਹੀਦਾ ਹੈ। ਇਹ ਖ਼ਾਹਿਸ਼ ਆਪਣੇ ਮਨ ‘ਚ ਲੈ ਕੇ ਐਨਾ ਰੀਵ ਜਾਰਵਿਸ ਤਾਂ ਸੰਨ 1905 ਵਿੱਚ ਇਸ ਜਹਾਨੋਂ ਚੱਲ ਵੱਸੀ ਪਰ ਉਸਦੀ ਧੀ ਨੇ ਆਪਣੀ ਮਾਂ ਦੀ ਖ਼ਾਹਿਸ਼ ਪੂਰੀ ਕਰਨ ਦਾ ਜ਼ਿੰਮਾ ਚੁੱਕ ਲਿਆ ਤੇ ਇਸ ਸਬੰਧ ਵਿੱਚ ਮੁਹਿੰਮ ਸ਼ੁਰੂ ਕਰ ਦਿੱਤੀ। ਉਸਨੇ ਮਾਂ ਦਿਵਸ ਮਨਾਉਣ ਅਤੇ ਇਸ ਦਿਨ ਪੂਰੇ ਮੁਲਕ ਵਿੱਚ ਛੁੱਟੀ ਰੱਖਣ ਦੀ ਮੰਗ ਉਠਾਈ ਜੋ ਠੁਕਰਾ ਦਿੱਤੀ ਗਈ ਪਰ ਐਨਾ ਨੇ ਹਾਰ ਨਹੀਂ ਮੰਨੀ। ਅਖ਼ੀਰ ਸੰਨ 1911 ਵਿੱਚ ਅਮਰੀਕਾ ਵਿੱਚ ਮਾਂ ਦਿਵਸ ਮਨਾਉਣਾ ਤਾਂ ਸ਼ੁਰੂ ਹੋ ਗਿਆ ਪਰ ਛੁੱਟੀ ਕੀਤੇ ਜਾਣ ਦਾ ਐਲਾਨ ਲੀਕ ਤੀਹ ਸਾਲ ਬਾਅਦ ਸੰਨ 1941 ਵਿੱਚ ਰਾਸ਼ਟਰਪਤੀ ਵੁੱਡਰੋਅ ਵਿਲਸਨ ਵੱਲੋਂ ਕੀਤਾ ਗਿਆ। ਉਦੋਂ ਤੋਂ ਹੀ ਮਈ ਦੇ ਦੂਜੇ ਐਤਵਾਰ ਮਾਂ ਦਿਵਸ ਮਨਾਉਣ ਦੀ ਰੀਤ ਸ਼ੁਰੂ ਹੋਈ ਜੋ ਅਧਿਕਤਰ ਮੁਲਕਾਂ ਵੱਲੋਂ ਅਪਣਾ ਲਈ ਗਈ। ਜ਼ਿਕਰਯੋਗ ਹੈ ਕਿ ਯੂ.ਕੇ.ਵਿੱਚ ਮਾਰਚ ਦੇ ਚੌਥੇ ਐਤਵਾਰ,ਯੂਨਾਨ ਵਿੱਚ 2 ਫ਼੍ਰਰਵਰੀ ਨੂੰ,ੳੁੱਤਰੀ ਕੋਰੀਆ ਵਿੱਚ 16 ਨਵੰਬਰ ਨੂੰ,ਇਜ਼ਰਾਈਲ ਵਿੱਚ22 ਮਈ,ਪੋਲੈਂਡ ਵਿੱਚ 26 ਮਈ ਅਤੇ ਅਰਬ ਦੇਸ਼ਾਂ ਵਿੱਚ 21 ਮਾਰਚ ਨੂੰ ਮਾਂ ਨੂੰ ਸਮਰਪਿਤ ਇਹ ਦਿਹਾੜਾ ਮਨਾਇਆ ਜਾਂਦਾ ਹੈ।
ਉਂਜ ਖੋਜਕਾਰਾਂ ਦਾ ਮੰਨਣਾ ਹੈ ਕਿ ਇੰਗਲੈਂਡ ਵਿਖੇ ਸੋਲ੍ਹਵੀਂ ਸਦੀ ਵਿੱਚ ‘ ਮਦਰਿੰਗ ਸੰਡੇ’ ਮਨਾਏ ਜਾਣ ਦੀ ਪਿਰਤ ਹੋਇਆ ਕਰਦੀ ਸੀ। ਮਹੀਨੇ ਦੇ ਚੌਥੇ ਐਤਵਾਰ ਉਹ ਸਾਰੀਆਂ ਧੀਆਂ ਆਪਣੇ ਘਰਾਂ ਨੂੰ ਪਰਤਦੀਆਂ ਸਨ ਜੋ ਆਪਣੇ ਘਰਾਂ ਤੋਂ ਦੂਰ ਕਿਸੇ ਦੇ ਘਰ ਵਿੱਚ ਬਤੌਰ ਨੌਕਰਾਣੀਆਂ ਜਾਂ ਸੇਵਿਕਾਵਾਂ ਕੰਮ ਕਰਦੀਆਂ ਸਨ। ਇਸ ਦਿਨ ਉਹ ਆਪਣੀਆਂ ਮਾਂਵਾਂ ਨੂੰ ਗਲਵਕੜੀ ‘ਚ ਲੈ ਕੇ ਮਿਲਦੀਆਂ ਸਨ ਤੇ ਪਰਿਵਾਰ ਵਿੱਚ ਮੌਜੂਦ ਵੱਡਾ ਪੁੱਤ ਜਾਂ ਵੱਡੀ ਧੀ ‘ਮਦਰਲੀ ਕੇਕ ’ ਭਾਵ ਮਾਂ ਲਈ ਤਿਆਰ ਕੀਤਾ ਇੱਕ ਖ਼ਾਸ ਕੇਕ ਲੈ ਕੇ ਆਇਆ ਕਰਦੀ ਸੀ ਜਿਸਨੂੰ ਸਾਰੇ ਪਰਿਵਾਰ ‘ਚ ਬੈਠ ਕੇ ਮਾਂ ਕੱਟਦੀ ਸੀ ਤੇ ਉਪਰੰਤ ਮਾਂ ਦੀਆਂ ਦੁਆਵਾਂ ਦਾ ਪ੍ਰਤੀਕ ਉਹ ਕੇਕ ਸਾਰੇ ਪਰਿਵਾਰ ਵਿਚ ਵੰਡਿਆ ਜਾਂਦਾ ਸੀ। ਅਮਰੀਕਾ ਵਿੱਚ ਮਾਂ ਦਿਵਸ ਮਨਾਉਣ ਦੀ ਪਿਰਤ ਦਾ ਆਗ਼ਾਜ਼ ਕਰਨ ਦਾ ਮਾਣ ਐਨਾ ਰੀਵ ਜਾਰਵਿਸ, ਉਸਦੀ ਧੀ ਐਨਾ ਜਾਰਵਿਸ ਅਤੇ ਜੂਲੀਆ ਵਾਰਡ ਨਾਮਕ ਤਿੰਨ ਮਹਿਲਾਵਾਂ ਨੂੰ ਦਿੱਤਾ ਜਾਂਦਾ ਹੈ।
ਮਾਂ ਦੀ ਮਹਾਨਤਾ ਅਸਲ ਵਿੱਚ ਸ਼ਬਦਾਂ ਵਿੱਚ ਬਿਆਨ ਤੋਂ ਪਰ੍ਹੇ ਹੈ। ਉਹ ਤਾਂ ਰੱਬ ਦੇ ਅਵਤਾਰਾਂ ਦੀ ਵੀ ਜਨਮਦਾਤੀ ਹੈ। ਗੁਰਬਾਣੀ ਦੱਸਦੀ ਹੈ ਕਿ ਪਰਮਾਤਮਾ ਨੂੰ ਦੁਨੀਆਂ ਦਾ ਭਲਾ ਕਰਨ ਲਈ ਜਿੰਨੀ ਵਾਰ ਵੀ ਇਸ ਦੁਨੀਆਂ ਵਿੱਚ ਆਉਣਾ ਪਿਆ ਉਸਨੂੰ ਮਾਂ ਦੀ ਕੁੱਖ ਨੇ ਹੀ ਜਨਮ ਦਿੱਤਾ ਸੀ। ਇਹ ਵੀ ਸੱਚ ਹੈ ਕਿ ਮਾਂ ਦੀ ਥਾਂ ਕਦੇ ਕੋਈ ਨਹੀਂ ਲੈ ਸਕਦਾ ਹੈ। ਕਾਰਡੀਨਲ ਮਰਮਿਲੌਡ ਦੇ ਬਚਨ ਹਨ-‘‘ ਮਾਂ ਉਹ ਹੈ ਜੋ ਹਰੇਕ ਰਿਸ਼ਤੇ ਦੀ ਥਾਂ ਲੈ ਸਕਦੀ ਹੈ ਪਰ ਮਾਂ ਦੀ ਥਾਂ ਕੋਈ ਹੋਰ ਰਿਸ਼ਤਾ ਨਹੀਂ ਲੈ ਸਕਦਾ ਹੈ ’’। ਕਿਸੇ ਸ਼ਾਇਰ ਨੇ ਬਾਖ਼ੂਬੀ ਕਿਹਾ ਹੈ –
ਵੇਖਿਆ ਨਹੀਂ ਹੈ ਤੈਨੂੰ ਸਾਹਮਣੇ ਖਲੋ ਕੇ ਰੱਬਾ
ਪਰ ਹੋਵੇਂਗਾ ਜ਼ਰੂਰ ਤੂੰ ਮੇਰੀ ਮਾਂ ਵਰਗਾ।
ਅੱਜ ਦਾ ਯੁਗ ਜਿੱਥੇ ਵਿਗਿਆਨ ਅਤੇ ਤਕਨੀਕ ਦਾ ਯੁਗ ਕਿਹਾ ਜਾਂਦਾ ਹੈ ੳੁੱਥੇ ਹੀ ਇਹ ਖ਼ੁਦਗ਼ਰਜ਼ੀ ਤੇ ਬੇਈਮਾਨੀ ਦਾ ਵੀ ਯੁਗ ਹੈ। ਇਸ ਯੁਗ ਵਿੱਚ ਬਹੁਤ ਸਾਰੇ ਧੀਆਂ-ਪੁੱਤ ਅਜਿਹੇ ਹਨ ਜੋ ਅਹਿਸਾਨਫ਼ਰਾਮੋਸ਼ ਹੋ ਕੇ ਮਾਂ ਨੂੰ ਆਪਣੇ ਤੋਂ ਵੱਖ ਕਰ ਦਿੰਦੇ ਹਨ ਜਾਂ ਬਿਰਧ ਆਸ਼ਰਮ ਦੇ ਬੂਹੇ ਛੱਡ ਆਉਂਦੇ ਹਨ। ਸੱਚੀ ਗੱਲ ਤਾਂ ਇਹ ਹੈ ਕਿ ਅਜਿਹਾ ਕਰਨ ਵਾਲਿਆਂ ਤੋਂ ਵੱਧ ਬਦਨਸੀਬ ਦੁਨੀਆਂ ‘ਤੇ ਕੋਈ ਹੋਰ ਨਹੀਂ ਹੋ ਸਕਦਾ ਹੈ। ਕਿਸੇ ਵਿਦਵਾਨ ਦਾ ਕਥਨ ਹੈ-‘‘ ਜੋ ਮਨੁੱਖ ਆਪਣੀ ਮਾਂ ਲਈ ਸਹੀ ਸ਼ਬਦ ਨਹੀਂ ਵਰਤ ਸਕਦਾ ਹੈ,ਦੁਨੀਆਂ ਦੀ ਕਿਸੇ ਵੀ ਔਰਤ ਨੂੰ ਇੱਜ਼ਤ ਦੇਣਾ ਉਸਦੇ ਵੱਸ ਦੀ ਗੱਲ ਨਹੀਂ ਹੈ।’’ ਹਰੇਕ ਮਨੁੱਖ ਦਾ ਰੋਮ-ਰੋਮ ਤੇ ਸੁਆਸ-ਸੁਆਸ ਮਾਂ ਦਾ ਕਰਜ਼ਦਾਰ ਹੁੰਦਾ ਹੈ। ਬਿਪਤਾ ਪੈਣ ‘ਤੇ ਜਦੋਂ ਦੁਨੀਆਂ ਦਾ ਹਰੇਕ ਰਿਸ਼ਤਾ ਸਾਥ ਛੱਡ ਜਾਂਦਾ ਹੈ ਤਾਂ ਮਾਂ ਉਦੋਂ ਵੀ ਚੱਟਾਨ ਬਣ ਕੇ ਆਪਣੀ ਔਲ੍ਹਾਦ ਦੇ ਨਾਲ ਖੜ੍ਹ ਜਾਂਦੀ ਹੈ। ਇੱਕ ਸ਼ਾਇਰ ਦੇ ਬੋਲ ਨੇ-‘‘ ਰੋਂਦਿਆਂ ਵੇਖ ਸ਼ਰੀਕ ਵੀ ਬੂਹੇ ਢੋਅ ਲੈਂਦੇ, ਬਿਨ ਮਾਂਵਾਂ ਦੇ ਕਾਂ ਵੀ ਟੁਕੜੇ ਖੋਹ ਲੈਂਦੇ।’’ ਸਾਨੂੰ ਸਭ ਨੂੰ ਇਹ ਕੌੜਾ ਸੱਚ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ-‘‘ ਤੁਹਾਡੇ ਮਾਂ-ਬਾਪ ਨਾਲ ਕੀਤਾ ਗਿਆ ਤੁਹਾਡਾ ਵਿਹਾਰ ਉਹ ਉਧਾਰ ਹੈ ਜਿਸਨੂੰ ਅੱਗੇ ਜਾ ਕੇ ਤੁਹਾਡੀ ਔਲ੍ਹਾਦ ਤੁਹਾਨੂੰ ਸੂਦ ਸਮੇਤ ਵਾਪਿਸ ਕਰਦੀ ਹੈ’’।
ਸੰਪਰਕ: 97816-46008