-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;
ਉਂਜ ਤਾਂ ਸੰਸਾਰ’ਤੇ ਹਰੇਕ ਰਿਸ਼ਤੇ ਦੀ ਆਪਣੀ ਅਹਿਮੀਅਤ ਅਤੇ ਆਪਣਾ ਜਲੌਅ ਹੈ ਪਰ ਸੱਚ ਇਹ ਵੀ ਹੈ ਕਿ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਹਰੇਕ ਬੱਚੇ ਦਾ ਰਿਸ਼ਤਾ ਮਾਂ-ਬਾਪ ਨਾਲੋਂ ਵੀ ਵਧ ਕੇ ਹੁੰਦਾ ਹੈ ਤੇ ਉਮਰ ਦੇ ਆਖ਼ਰੀ ਪੜਾਅ ਤੱਕ ਵੀ ਇਨਸਾਨ ਨੂੰ ਬਜ਼ੁਰਗਾਂ ਦਾ ਪਿਆਰ, ਦੁਲਾਰ ਅਤੇ ਦੁਆਵਾਂ ਨਹੀਂ ਭੁੱਲਦੇ ਹਨ। ਉਧਰ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਵੀ ਆਪਣੇ ਪੋਤਿਆਂ-ਪੋਤੀਆਂ ਤੇ ਦੋਹਤਿਆਂ-ਦੋਹਤੀਆਂ ਤੋਂ ਵਧ ਕੇ ਕੁਝ ਵੀ ਕੀਮਤੀ ਜਾਂ ਪਿਆਰਾ ਨਹੀਂ ਹੁੰਦਾ। ਪੰਜਾਬੀਆਂ ਨੇ ਤੇ ਮੁੱਢ-ਕਦੀਮ ਤੋਂ ਹੀ ਇਹ ਮੰਨਿਆ ਹੈ ਕਿ ‘‘ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ’’ ਭਾਵ ਹਰੇਕ ਬਜ਼ੁਰਗ ਵਿਅਕਤੀ ਆਪਣੀ ਔਲ੍ਹਾਦ ਦੀ ਔਲ੍ਹਾਦ ਨੂੰ ਬੇਇੰਤਹਾ ਪਿਆਰ ਕਰਦਾ ਹੈ ਤੇ ਉਸਨੂੰ ਗਲਵਕੜੀ ‘ਚ ਲੈ ਕੇ ਸੀਨੇ ਨਾਲ ਚਿਰਾਂ ਤੱਕ ਲਾਈ ਰੱਖਣ ਲਈ ਤੜਫ਼ਦਾ ਤੇ ਸਹਿਕਦਾ ਹੈ। ਜਿਨ੍ਹਾ ਬੱਚਿਆਂ ਨੇ ਕਿਸੇ ਕਾਰਨ ਕਰਕੇ ਆਪਣੇ ਦਾਦਾ-ਦਾਦੀ ਜਾਂ ਨਾਨੀ-ਨਾਨੀ ਨੂੰ ਗੁਆ ਲਿਆ ਹੈ ਉਨ੍ਹਾ ਨੇ ਉਸ ਅਣਮੋਲ ਖ਼ਜ਼ਾਨੇ ਨੂੰ ਗੁਆ ਲਿਆ ਹੈ ਜੋ ਉਨ੍ਹਾ ਦੀ ਜ਼ਿੰਦਗੀ ਸੁਆਰ ਸਕਦਾ ਸੀ ਤੇ ਉਮਰਾਂ ਤੱਕ ਲੱਗੀ ਰਹਿਣ ਵਾਲੀ ਮੁਹੱਬਤ ਦੀ ਛਾਪ ਉਨ੍ਹਾ ਦੇ ਦਿਲਾਂ ‘ਤੇ ਛੱਡ ਸਕਦਾ ਸੀ। ਸੱਚੀ ਗੱਲ ਇਹ ਹੈ ਕਿ ਘਰ ਦੇ ਬਜ਼ੁਰਗ ਨਾ ਕੇਵਲ ਘਰ ਦੇ ਜੰਦਰੇ ਹੁੰਦੇ ਹਨ ਸਗੋਂ ਕਿਸੇ ਕੌਮ ਦੇ ਅਮੀਰ ਤੇ ਵਿਲੱਖਣ ਵਿਰਸੇ ਅਤੇ ਉਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੇ ਵਾਹਕ ਵੀ ਹੁੰਦੇ ਹਨ।
ਅੱਜ 12 ਸਤੰਬਰ ਨੂੰ ਦੁਨੀਆਂ ਭਰ ਵਿੱਚ ਵਿਸ਼ਵ ਗਰੈਂਡ ਪੇਰੈਂਟਸ ਡੇਅ ਮਨਾਇਆ ਜਾ ਰਿਹਾ ਹੈ ਤੇ ਇਸ ਦਿਵਸ ਨੂੰ ਮਨਾਉਣ ਦੀ ਅਰੰਭਤਾ ਦਾ ਪਿਛੋਕੜ ਅਮਰੀਕਾ ਵਾਸੀ ਰਸਲ ਕੈਪਰ ਨਾਲ ਜਾ ਜੁੜਦਾ ਹੈ ਜਿਸਨੇ ਸੰਨ 1969 ਵਿੱਚ ਜਦੋਂ ਉਸਦੀ ਉਮਰ ਕੇਵਲ ਨੌਂ ਸਾਲ ਦੀ ਸੀ,ਅਮਰੀਕਾ ਦੇ ਉਸ ਵਕਤ ਦੇ ਰਾਸ਼ਟਰਪਤੀ ਨਿਕਸਨ ਨੂੰ ਖ਼ਤ ਲਿਖ ਕੇ ‘ਗਰੈਂਡ ਪੇਰੈਂਟਸ ਡੇਅ’ ਮਨਾਉਣ ਲਈ ਇੱਕ ਦਿਨ ਰਾਖਵਾਂ ਕਰਨ ਦੀ ਮੰਗ ਕੀਤੀ ਸੀ ਪਰ ਰਾਸ਼ਟਰਪਤੀ ਦਫ਼ਤਰ ਵੱਲੋਂ ਸਕੱਤਰ ਰੋਜ਼ਮੈਰੀ ਵੁੱਡ ਨੇ ਜਵਾਬ ਦਿੱਤਾ ਸੀ –‘‘ ਪਿਆਰੇ ਰਸਲ,ਤੇਰਾ ਸੁਝਾਅ ਕਾਬਿਲੇ ਤਾਰੀਫ਼ ਹੈ ਪਰ ਰਾਸ਼ਟਰਪਤੀ ਸਾਹਿਬ ਅਜਿਹਾ ਫ਼ੈਸਲਾ ਉਦੋਂ ਹੀ ਲੈ ਸਕਦੇ ਹਨ ਜਦੋਂ ਸੰਸਦ ਵੱਲੋਂ ਅਜਿਹਾ ਕੋਈ ਮਤਾ ਪੇਸ਼ ਕੀਤਾ ਗਿਆ ਹੋਵੇ। ’’ ਇਸੇ ਮੰਗ ਨੂੰ ਲੈ ਕੇ ਅਮਰੀਕਾ ਵਾਸੀ ਮਾਰੀਆ ਮੈਕੁਏਡ ਨੇ ਕਾਫੀ ਭੱਜ ਦੌੜ ਕੀਤੀ ਸੀ ਤੇ ਸੰਨ 1973 ਵਿੱਚ ਉਸਨੇ ਅਮਰੀਕਾ ਦੀਆਂ ਪੰਜਾਹ ਤੋਂ ਵੱਧ ਸਟੇਟਾਂ ਤੋਂ ‘ਗਰੈਂਡ ਪੇਰੈਂਟਸ ਡੇਅ’ ਮਨਾਉਣ ਸਬੰਧੀ ਮਤਾ ਪਾਸ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਤੇ ਸੰਨ 1977 ਵਿੱਚ ਉਸਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਤੇ ਸੰਸਦ ਮੈਂਬਰ ਜੈਨਿੰਗ ਰੈਂਡੌਲਫ਼ ਅਤੇ ਰਾਬਰਟ ਬਰਡ ਵੱਲੋਂ ਇਸ ਸਬੰਧੀ ਸੰਸਦ ਵਿੱਚ ਪੇਸ਼ ਕੀਤੇ ਮਤੇ ਨੂੰ ਸੰਸਦ ਮੈਂਬਰਾਂ ਨੇ ਸਮਰਥਨ ਦੇ ਦਿੱਤਾ ਸੀ ਤੇ ਰਾਸ਼ਟਰਪਤੀ ਜਿਮੀ ਕਾਰਟਰ ਨੇ ਅਖ਼ੀਰ 3 ਅਗਸਤ,ਸੰਨ 1978 ਹਰ ਸਾਲ ਸਤੰਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਗਰੈਂਡ ਪੇਰੈਂਟਸ ਡੇਅ ਵਜੋਂ ਮਨਾਉਣ ਸਬੰਧੀ ਇਤਿਹਾਸਕ ਐਲਾਨ ਕਰ ਦਿੱਤਾ ਸੀ। ਉਂਜ ਆਸਟਰੇਲੀਆ ਵਿਚ ਇਹ ਦਿਵਸ ਅਕਤੂਬਰ ਦੇ ਆਖ਼ਰੀ ਐਤਵਾਰ,ਬਰਾਜ਼ੀਲ ਵਿੱਚ 26 ਜੁਲਾਈ,ਫ਼ਰਾਂਸ ਵਿਚ ਮਾਰਚ ਦੇ ਪਹਿਲੇ ਐਤਵਾਰ,ਜਰਮਨੀ ‘ਚ ਅਕਤੂਬਰ ਦੇ ਦੂਜੇ ਐਤਵਾਰ,ਇਟਲੀ ‘ਚ 2 ਅਕਤੂਬਰ ਨੂੰ,ਰੂਸ ‘ਚ 28 ਅਕਤੂਬਰ,ਸਪੇਨ ਵਿਚ 26 ਜੁਲਾਈ,ਯੂ.ਕੇ.ਵਿਚ ਅਕਤੂਬਰ ਦੇ ਪਹਿਲੇ ਐਤਵਾਰ ਅਤੇ ਜਪਾਨ ਵਿੱਚ ਸਤੰਬਰ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ।
ਇੱਕ ਪੰਜਾਬੀ ਕਵਿਤਾ ਦੇ ਬੋਲ ਹਨ :-
‘‘ ਵਾਲ ਵਿੰਗਾ ਨਹੀਂ ਹੋਣ ਦਿੰਦਾ,ਭੀੜਾਂ ਵਿੱਚ ਖਲੋਤੇ ਦਾ
ਬੜਾ ਹੀ ਗੂੜ੍ਹਾ ਰਿਸ਼ਤਾ ਹੁੰਦਾ ਏ,,ਦਾਦੇ ਦਾ ਤੇ ਪੋਤੇ ਦਾ ।’’
ਸਚਮੁੱਚ ਦਾਦਾ-ਦਾਦੀ ਨਾਲ ਹਰੇਕ ਬੱਚਾ ਨਾਨਾ-ਨਾਨੀ ਦੀ ਮੁਕਾਬਲਤਨ ਵੱਧ ਸਮਾਂ ਬਤੀਤ ਕਰਦਾ ਹੈ ਤੇ ਉਨ੍ਹਾਂ ਦੇ ਵੱਧ ਨੇੜ੍ਹੇ ਹੁੰਦਾ ਹੈ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਹਾਦਰੀ ਅਤੇ ਅਡੋਲ ਤੇ ਨਿਰਭਉ ਹੋ ਕੇ ਸ਼ਹੀਦੀ ਦੇਣ ਦਾ ਜਜ਼ਬਾ ਉਨ੍ਹਾ ਦੇ ਚਾਰਾਂ ਪੋਤਿਆਂ ਤੱਕ ਪੁੱਜਿਆ ਸੀ। ਮਾਤਾ ਗੁਜਰੀ ਜੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਦਿੱਤੀ ਗਈ ਨਿਡਰਤਾ ਤੇ ਸਹਿਣਸ਼ੀਲਤਾ ਦੀ ਗੁੜ੍ਹਤੀ ਵੱਡੇ ਕਮਾਲ ਵਿਖਾ ਗਈ ਸੀ ਤੇ ਜਬਰ ਨੂੰ ਚਿੱਤ ਕਰਕੇ ਇਹ ਸਾਹਿਬਜ਼ਾਦੇ ਸਿੱਖ ਕੌਮ ਦਾ ਸ਼ਾਨਾਮੱਤਾ ਇਤਿਹਾਸ ਲਿਖ ਗਏ ਸਨ। ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ‘ ਦੋਹਿਤਾ,ਬਾਣੀ ਕਾ ਬੋਹਿਥਾ’ ਦਾ ਵਰਦਾਨ ਆਪਣੇ ਨਾਨਾ ਤੀਜੇ ਨਾਨਕ ਸ੍ਰੀ ਗੁਰੂ ਅਮਰਦਾਸ ਜੀ ਤੋਂ ਹਾਸਿਲ ਹੋਇਆ ਸੀ। ਇਸ ਲਈ ਅਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਦਾਦਾ-ਦਾਦੀ ਜਾਂ ਨਾਨਾ-ਨਾਨੀ ਦਾ ਕਿਸੇ ਬੱਚੇ ਦੀ ਸ਼ਖ਼ਸੀਅਤ ‘ਤੇ ਕਿੰਨਾ ਡੂੰਘਾ ਪ੍ਰਭਾਵ ਪੈ ਸਕਦਾ ਹੈ। ਮਾਪਿਆਂ ਦੀ ਬਨਿਸਪਤ ਦਾਦਾ-ਦਾਦੀ ਆਦਿ ਕੋਲ੍ਹ ਬੱਚਿਆਂ ਨਾਲ ਬਿਤਾਉਣ ਲਈ ਵੱਧ ਸਮਾਂ ਹੁੰਦਾ ਹੈ ਤੇ ਵੱਧ ਪਿਆਰ,ਗਿਆਨ ਤੇ ਤਜਰਬਾ ਵੀ ਉਨ੍ਹਾ ਕੋਲ੍ਹ ਹੁੰਦਾ ਹੈ। ਉਨ੍ਹਾ ਦੀ ਸੰਗਤ ਸਚਮੁੱਚ ਹੀ ਬੱਚੇ ਦੇ ਜੀਵਨ ਪੰਧ ਨੂੰ ਸਹੀ ਅਰਥਾਂ ਵਿੱਚ ਰੁਸ਼ਨਾ ਸਕਦੀ ਹੈ। ਘਰ ‘ਚ ਬੈਠੇ ਇਹ ਬਜ਼ੁਰਗ ਸਾਰੀ ਉਮਰ ਪੈਸੇ,ਤੋਹਫ਼ੇ ਜਾਂ ਦੁਆਵਾਂ ਦੇ ਰੂਪ ਵਿਚ ਕੁਝ ਨਾ ਕੁਝ ਆਪਣੇ ਪੁੱਤਰਾਂ-ਧੀਆਂ ਤੇ ਪੋਤੇ-ਪੋਤੀਆਂ ਜਾਂ ਦੋਹਤੇ-ਦੋਹਤੀਆਂ ਨੂੰ ਦਿੰਦੇ ਹੀ ਰਹਿੰਦੇ ਹਨ। ਉਰਦੂ ਦੇ ਇਂੱਕ ਸ਼ਾਇਰ ਨੇ ਕਿਆ ਖ਼ੂਬ ਕਿਹਾ ਹੈ :-
‘‘ਅਪਨੀ ਚੀਜ਼ੇ ਭੂਲ ਜਾਤੀ ਹੈ ਕਹੀਂ ਰਖ ਕਰ
ਪਰ ਮੇਰੇ ਬਚਪਨ ਕੀ ਉਸੇ ਹਰ ਬਾਤ ਯਾਦ ਹੈ
ਮੇਰੀ ਦਾਦੀ ਕੀ ਯਦਦਾਸ਼ਤ ਮੇਂ ਕੁਛ ਤੋ ਬਾਤ ਹੈ।’’
ਇੱਕ ਵਿਦਵਾਨ ਦੇ ਬੋਲ ਹਨ-‘‘ ਦਾਦੇ ਤੇ ਨਾਨੇ ਦਾ ਪਿਆਰ ਕਿਸਮਤ ਵਾਲਿਆਂ ਨੂੰ ਹੀ ਮਿਲਦਾ ਹੈ’’। ਇਸ ਕਥਨ ਵਿੱਚ ਇੱਕ ਬੜਾ ਕੌੜਾ ਸੱਚ ਛੁਪਿਆ ਹੋਇਆ ਹੈ। ਜਿਨ੍ਹਾ ਲੋਕਾਂ ਦੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ ,ਉਹ ਤਾਂ ਬਦਕਿਸਮਤ ਹੈ ਹੀ ਹਨ ਪਰ ਉਨ੍ਹਾ ਤੋਂ ਵੱਧ ਬਦਕਿਸਮਤ ਤੇ ਕਰਮਾਂ ਮਾਰਿਆ ਹੋਰ ਕੌਣ ਹੋ ਸਕਦਾ ਹੈ ਜਿਨ੍ਹਾ ਦੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਜ਼ਿੰਦਾ ਹੁੰਦਿਆਂ ਵੀ ਬਿਰਧ ਆਸ਼ਰਮਾਂ ‘ਚ ਜ਼ਿੰਦਗੀ ਕੱਟ ਰਹੇ ਹੋਣ ਜਾਂ ਕਿਸੇ ਵੱਖਰੇ ਘਰ ਵਿੱਚ ਦਿਨਕਟੀ ਕਰ ਰਹੇ ਹੋਣ। ਜੇ ਪੋਤੇ-ਪੋਤੀਆਂ ਕੋਲ੍ਹ ਰਹਿੰਦੇ ਹੋਣ ਇਨ੍ਹਾ ਰਿਸ਼ਤਿਆਂ ਦੀ ਉਮਰ ਬਹੁਤ ਲੰਮੇਰੀ ਤੇ ਜ਼ਿੰਦਗੀ ਵੱਧ ਤੰਦਰੁਸਤੀ ਭਰੀ ਹੋ ਸਕਦੀ ਹੈ। ਅਮਰੀਕਾ ਤੋਂ ਪ੍ਰਾਪਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ੳੁੱਥੇ ਪੰਜ ਮਿਲੀਅਨ ਨਿੱਕੜੇ ਬਾਲਾਂ ਨੂੰ ਉਨ੍ਹਾ ਦੇ ਗਰੈਂੜ ਪੇਰੈਂਟਸ ਸਾਂਭਦੇ ਹਨ ਤੇ 52 ਬਿਲੀਅਨ ਡਾਲਰ ਉਹ ਆਪਣੇ ਪੋਤੇ-ਪੋਤੀਆਂ ‘ਤੇ ਖ਼ਰਚ ਕਰਦੇ ਹਨ। ਭਾਰਤ ਵਿੱਚ ਮੱਧ ਵਰਗੀ ਪਰਿਵਾਰਾਂ ਵਿੱਚ ਤੇ ਖ਼ਾਸ ਕਰਕੇ ਸ਼ਹਿਰਾਂ ਵਿੱਚ ਵੱਡੇ ਬਜ਼ੁਰਗਾਂ ਦੀ ਪੁੱਛ-ਪ੍ਰਤੀਤ ਹੁਣ ਘਟਦੀ ਜਾ ਰਹੀ ਹੈ। ਬੱਚਿਆਂ ਕੋਲ੍ਹ ਗੈਜੇਟਸ ਜਾਂ ਟੀ.ਵੀ.ਲਈ ਸਮਾਂ ਹੈ ਪਰ ਘਰ ‘ਚ ਬੈਠੇ ਬਜ਼ੁਰਗਾਂ ਲਈ ਨਹੀਂ। ਜਿਨ੍ਹਾ ਬਜ਼ੁਰਗਾਂ ਤੋਂ ਜ਼ਿੰਦਗੀ ਦੇ ਤਜਰਬੇ ਤੇ ਫ਼ਲਸਫ਼ਾ ਉਨ੍ਹਾ ਹਾਸਿਲ ਕਰਨਾ ਸੀ ਉਨ੍ਹਾ ਬਜ਼ੁਰਗਾਂ ਦੀ ਉਹ ਲਗਾਤਾਰ ਅਣਦੇਖੀ ਕਰ ਰਹੇ ਹਨ। ਇਨ੍ਹਾ ਬੱਚਿਆਂ ਦੇ ਮਾਪੇ ਵੀ ਆਪਣੇ ਮਾਪਿਆਂ ਪ੍ਰਤੀ ਕੋਈ ਬਹੁਤਾ ਮੋਹ ਹੁਣ ਨਹੀਂ ਵਿਖਾਉਂਦੇ ਹਨ। ਪੈਸੇ ਅਤੇ ਸੁੱਖ-ਸਹੂਲਤਾਂ ਨੂੰ ਹਾਸਿਲ ਕਰਨ ਦੀ ਭੱਜ ਦੌੜ ਭਰੀ ਜ਼ਿੰਦਗੀ ‘ਚੋਂ ਦਾਦਾ-ਦਾਦੀ ਤੇ ਨਾਨਾ-ਨਾਨੀ ਨਿਰੰਤਰ ਮਨਫ਼ੀ ਹੁੰਦੇ ਜਾ ਰਹੇ ਹਨ। ਮਾਪਿਆਂ ਨੂੰ ਇਹ ਸੱਚ ਯਾਦ ਰੱਖਣਾ ਚਾਹੀਦਾ ਹੈ –‘‘ ਸਾਡਾ ਆਪਣੇ ਮਾਪਿਆਂ ਨਾਲ ਕੀਤਾ ਵਰਤਾਓ ਸਾਡੇ ਵੱਲੋਂ ਲਿਖੀ ਉਹ ਕਿਤਾਬ ਹੁੰਦੀ ਹੈ ਜੋ ਸਾਡੀ ਔਲ੍ਹਾਦ ਸਾਨੂੰ ਪੜ੍ਹ ਕੇ ਸੁਣਾਉਂਦੀ ਹੈ ’’।
ਸੋ ਵਰਤਮਾਨ ਪੀੜ੍ਹੀ ਦੇ ਮਾਪਿਆਂ ਅਤੇ ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਨੂੰ ਇਹ ਫ਼ਰਜ਼ ਬਣਦਾ ਹੈ ਕਿ ਉਹ ਘਰ ਦੇ ਬਜ਼ੁਰਗਾਂ ਨੂੰ ਉਨ੍ਹਾ ਦਾ ਬਣਦਾ ਮਾਣ-ਸਤਿਕਾਰ ਅਤੇ ਪਿਆਰ ਦੇਣ, ਉਨ੍ਹਾ ਨਾਲ ਸਮਾਂ ਬਿਤਾਉਣ,ਉਨ੍ਹਾ ਦੀਆਂ ਗੱਲਾਂ ਸੁਣਨ,ਉਨ੍ਹਾ ਤੋਂ ਬੀਤੇ ਬਾਰੇ ਜਾਣਕਾਰੀ ਹਾਸਿਲ ਕਰਨ ਕਿਉਂਕਿ ਗੂੂਗਲ ਕੋਲ ਜ਼ਿੰਦਗੀ ਅਤੇ ਦੁਨੀਆਂ ਬਾਰੇ ਜਾਣਕਾਰੀ ਤਾਂ ਹੋ ਸਕਦੀ ਹੈ ਪਰ ਜ਼ਿੰਦਗੀ ਦਾ ਤਜਰਬਾ ਨਹੀਂ ਹੋ ਸਕਦਾ ਹੈ। ਅੱਜ ਦੀ ਪੀੜ੍ਹੀ ਲਈ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਏ-
‘‘ਇੱਥੇ ਕਦਰ ਮਾਪਿਆਂ ਦੇ ਬੋਲਾਂ ਦੀ
ਕੋਈ ਵਿਰਲਾ ਵਿਰਲਾ ਕਰਦਾ ਏ
ਇੱਥੇ ਮਿਰਜ਼ੇ ਲੱਖਾਂ ਫਿਰਦੇ ਨੇ
ਪਰ ਸਰਵਣ ਕੋਈ ਨਾ ਬਣਦਾ ਏ।’’
ਸੰਪਰਕ: 97816-46008