ਨਵੀਂ ਦਿੱਲੀ : ਦੇਸ਼ ਅੰਦਰ ਨਵੇਂ ਬਣੇ ਟ੍ਰੈਫਿਕ ਨਿਯਮਾਂ ਤੋਂ ਬਾਅਦ ਲੱਗ ਰਹੇ ਭਾਰੀ ਜ਼ੁਰਮਾਨੇਂ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਸਿਲਸਿਲੇ ਦੇ ਚਲਦਿਆਂ ਟ੍ਰੈਫਿਕ ਪੁਲਿਸ ਵੱਲੋਂ ਸੜਕਾਂ ‘ਤੇ ਸਖਤਾਈ ਵਧਾ ਦਿੱਤੀ ਗਈ ਹੈ, ਪਰ ਫਿਰ ਵੀ ਲੋਕ ਇਸ ਭਾਰੀ ਜ਼ੁਰਮਾਨੇਂ ਤੋ ਬਚਣ ਲਈ ਵੱਖ ਵੱਖ ਢੰਗ ਤਰੀਕੇ ਅਪਣਾਉਂਦੇ ਹਨ। ਪਰ ਕਈ ਵਾਰ ਇਹ ਢੰਗ ਤਰੀਕੇ ਅਜਿਹੇ ਹੁੰਦੇ ਹਨ ਕਿ ਦੇਖਣ ਸੁਣਨ ਵਾਲੇ ਵੀ ਹੈਰਾਨ ਰਹਿ ਜਾਂਦੇ ਹਨ। ਕੁਝ ਅਜਿਹਾ ਹੀ ਢੰਗ ਤਰੀਕਾ ਇੱਕ ਨੌਜਵਾਨ ਕੁੜੀ ਨੇ ਵੀ ਅਪਣਾਇਆ ਹੈ ਦਿੱਲੀ ਅੰਦਰ। ਜਾਣਕਾਰੀ ਮੁਤਾਬਿਕ ਇੱਥੇ ਇੱਕ ਕੁੜੀ ਪੁਲਿਸ ਅਧਿਕਾਰੀਆਂ ਨਾਲ ਇਸ ਕਰਕੇ ਬਹਿਸ ਕਰਨ ਲੱਗੀ ਕਿਉਂਕਿ ਉਹ ਆਪਣਾ ਚਲਾਨ ਨਹੀਂ ਕਰਵਾਉਣਾ ਚਾਹੁੰਦੀ ਸੀ ਅਤੇ ਇਸੇ ਬਹਿਸਬਾਜ਼ੀ ਦੌਰਾਨ ਹੀ ਲੜਕੀ ਨੇ ਪੁਲਿਸ ਨੂੰ ਆਤਮ ਹੱਤਿਆ ਕਰਨ ਦੀ ਧਮਕੀ ਵੀ ਦੇ ਦਿੱਤੀ।
ਜਾਣਕਾਰੀ ਮੁਤਾਬਿਕ ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ। ਇੱਥੇ ਦਿੱਲੀ ਦੇ ਕਸ਼ਮੀਰੀ ਗੇਟ ‘ਤੇ ਪੁਲਿਸ ਨੇ ਵਾਹਨਾਂ ਦਾ ਚੈਕਿੰਗ ਅਭਿਆਨ ਚਲਾਇਆ ਸੀ ਤੇ ਇਸੇ ਦੌਰਾਨ ਹੀ ਪੁਲਿਸ ਨੇ ਨੌਜਵਾਨ ਲੜਕੀ ਨੂੰ ਇਸ ਲਈ ਰੋਕਿਆ ਕਿਉਂਕਿ ਉਸ ਦੀ ਸਕੂਟੀ ਦੀ ਨੰਬਰ ਪਲੇਟ ਟੁੱਟੀ ਹੋਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨੌਜਵਾਨ ਲੜਕੀ ਸਕੂਟੀ ਚਲਾਉਂਦੇ ਹੋਏ ਫੋਨ ‘ਤੇ ਵੀ ਗੱਲ ਕਰ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਬਾਅਦ ਜਦੋਂ ਪੁਲਿਸ ਨੇ ਲੜਕੀ ਨੂੰ ਰੋਕਿਆ ਅਤੇ ਚਲਾਨ ਕੱਟਣ ਦੀ ਗੱਲ ਕਹੀ ਤਾਂ ਇਸ ਕੁੜੀ ਨੇ ਪੁਲਿਸ ਨੂੰ ਹੰਗਾਮਾਂ ਕਰਦਿਆਂ ਆਤਮ ਹੱਤਿਆ ਕਰ ਲੈਣ ਦੀ ਧਮਕੀ ਦਿੱਤੀ ਅਤੇ ਹੈਲਮੈਟ ਸੁੱਟ ਕੇ ਰੋਣ ਲੱਗ ਪਈ। ਇਹ ਸਾਰਾ ਕੁਝ ਤਕਰੀਬਨ 20 ਮਿੰਟ ਤੱਕ ਚਲਦਾ ਰਿਹਾ।