ਕਾਬੁਲ : ਤਾਲਿਬਾਨ ਦੀ ਦਹਿਸ਼ਤ ਦੇ ਬਾਵਜੂਦ ਅਫ਼ਗਾਨਿਸਤਾਨ ਦੇ ਕਈ ਸ਼ਹਿਰਾਂ ’ਚ ਔਰਤਾਂ ਆਪਣੇ ਅਧਿਕਾਰਾਂ ਲਈ ਉੱਠ ਖੜ੍ਹੀ ਹੋਈਆਂ ਹਨ। ਕਾਬੁਲ ’ਚ ਔਰਤਾਂ ਨੇ ਧਰਨਾ ਦੇਣ ਤੋਂ ਬਾਅਦ ਰਾਸ਼ਟਰਪਤੀ ਪੈਲਸ ਵੱਲ ਮਾਰਚ ਕੀਤਾ। ਔਰਤਾਂ ਨੂੰ ਰੋਕਣ ਲਈ ਤਾਲਿਬਾਨ ਨੇ ਉਨ੍ਹਾਂ ’ਤੇ ਹੰਝੂ ਗੈਸ ਦੇ ਗੋਲ਼ੇ ਦਾਗੇ। ਜਿਸ ਤੋਂ ਬਾਅਦ ਹਿੰਸਕ ਝੜਪਾਂ ਹੋਣ ਦੀਆਂ ਖਬਰਾਂ ਹਨ।
ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਨੇ ਰਾਇਫਲਾਂ ਦੇ ਬਟ ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ ਦੇ ਮੁੰਹ ਤੇ ਮਾਰੇ ਤਾਂ ਜੋ ਉਹਨਾਂ ਨੂੰ ਪਿੱਛੇ ਧੱਕਿਆ ਜਾ ਸਕੇ। ਇਸ ਦੌਰਾਨ ਦਰਜਨਾਂ ਮਹਿਲਾਵਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਵੀ ਮਿਲੀ ਹੈ।
ਤਾਲਿਬਾਨ ਨੇ ਔਰਤ ਕਾਰਕੁਨ ਨਰਗਿਸ ਸੱਦਾਤ ਨੂੰ ਬੰਦੂਕ ਦੀ ਨੋਕ ਨਾਲ ਕੁੱਟਿਆ। ਉਸ ਦੇ ਚਿਹਰੇ ‘ਤੇ ਖੂਨ ਨਿਕਲਿਆ। ਕਈ ਪੱਤਰਕਾਰਾਂ ਨੇ ਭੀੜ ‘ਤੇ ਗੋਲੀਬਾਰੀ ਦਾ ਦੋਸ਼ ਵੀ ਲਾਇਆ ਹੈ।
Protest in Kabul to Preserve Rights Turns Violenthttps://t.co/NyL9aNcHBf#TOLOnews pic.twitter.com/r7o8Fks2XO
— TOLOnews (@TOLOnews) September 4, 2021
ਅਫ਼ਗਾਨਿਸਤਾਨ ਦੇ ਚੈਨਲ ਟੋਲੋ ਨਿਊਜ਼ ਮੁਤਾਬਕ, ਕਾਬੁਲ ’ਚ ਦੋ ਦਿਨਾਂ ਤੋਂ ਔਰਤਾਂ ਆਪਣੇ ਅਧਿਕਾਰਾਂ ਲਈ ਧਰਨਾ ਦੇ ਰਹੀਆਂ ਹਨ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ’ਚ ਉਨ੍ਹਾਂ ਦੀ ਵੀ ਹਿੱਸੇਦਾਰੀ ਤੈਅ ਕੀਤੀ ਜਾਵੇ। ਉਨ੍ਹਾਂ ਨੂੰ ਕੈਬਨਿਟ, ਲੋਯਾ ਜਿਰਗਾ ਤੇ ਹੋਰ ਸਰਕਾਰੀ ਕਮੇਟੀਆਂ ’ਚ ਥਾਂ ਦਿੱਤੀ ਜਾਵੇ।
ਧਰਨੇ ਦੌਰਾਨ ਔਰਤਾਂ ਨੇ ਰਾਸ਼ਟਰਪਤੀ ਪੈਲਸ ਤਕ ਇਕ ਮਾਰਚ ਵੀ ਕੀਤਾ। ਜਿਵੇਂ ਹੀ ਔਰਤਾਂ ਦੀ ਭੀੜ ਰਾਸ਼ਟਰਪਤੀ ਪੈਲਸ ਵਲੋਂ ਵਧਣ ਲੱਗੀ, ਤਾਲਿਬਾਨ ਨੇ ਉਨ੍ਹਾਂ ’ਤੇ ਤਾਕਤ ਵਰਤਦੇ ਹੋਏ ਹੰਝੂ ਗੈਸ ਦੇ ਗੋਲ਼ੇ ਦਾਗੇ। ਔਰਤਾਂ ਦੇ ਇਸ ਮਾਰਚ ਦਾ ਹੁਣ ਵੀਡੀਓ ਵਾਇਰਲ ਹੋ ਰਿਹਾ ਹੈ।
Video: A number of women rights activists and reporters protested for a second day in Kabul on Saturday, and said the protest turned violent as Taliban forces did not allow the protesters to march toward the Presidential Palace. #TOLOnews pic.twitter.com/X2HJpeALvA
— TOLOnews (@TOLOnews) September 4, 2021
ਮਾਰਚ ਕਰਨ ਵਾਲੀਆਂ ਔਰਤਾਂ ਨੇ ਕਿਹਾ ਹੈ ਕਿ ਜਦੋਂ ਤਕ ਉਨ੍ਹਾਂ ਦੀ ਮੰਗ ਨਹੀਂ ਮੰਨ ਜਾਂਦੀ, ਉਨ੍ਹਾਂ ਦੇ ਧਰਨੇ-ਪ੍ਰਦਰਸ਼ਨ ਜਾਰੀ ਰਹਿਣਗੇ। ਔਰਤਾਂ ਨੇ ਕਿਹਾ ਕਿ ਤਾਲਿਬਾਨ ਦੀਆਂ ਗੱਲਾਂ ਸੁਣ ਕੇ ਲੱਗ ਰਿਹਾ ਸੀ ਕਿ ਉਹ ਕੁਝ ਬਦਲ ਗਏ ਹਨ ਪਰ ਇਸ ਤਰ੍ਹਾਂ ਨਹੀਂ ਹੈ। ਹਾਲੇ ਵੀ ਔਰਤਾਂ ਨਾਲ ਤਾਲਿਬਾਨ ਦੇ ਅੱਤਿਆਚਾਰ ਦੀ ਜਾਣਕਾਰੀ ਮਿਲ ਰਹੀਆਂ ਹਨ।
ਪਿਛਲੇ ਕੁਝ ਹਫ਼ਤਿਆਂ ’ਚ ਔਰਤਾਂ ਦੇ ਅਧਿਕਾਰਾਂ ਦੇ ਸਬੰਧ ’ਚ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਦੀ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਹੈ ਕਿ ਜਿਹੜੀਆਂ ਔਰਤਾਂ ਸਰਕਾਰ ’ਚ ਕੰਮ ਕਰ ਰਹੀਆਂ ਸਨ, ਉਨ੍ਹਾਂ ਨੂੰ ਫਿਲਹਾਲ ਘਰ ’ਚ ਹੀ ਰਹਿਣਾ ਚਾਹੀਦਾ। ਉਹ ਪਹਿਲਾਂ ਸੜਕਾਂ ਤੇ ਦਫਤਰਾਂ ’ਚ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੁਣਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੇਰਾਤ ਦੀਆਂ ਔਰਤਾਂ ਨੇ ਵੀ ਗਵਰਨਰ ਦਫਤਰ ’ਤੇ ਪ੍ਰਦਰਸ਼ਨ ਕਰਦੇ ਹੋਏ ਆਪਣੇ ਅਧਿਕਾਰਾਂ ਦੀ ਮੰਗ ਕੀਤੀ ਸੀ।