ਨਵੀਂ ਦਿੱਲੀ/ਚੰਡੀਗੜ੍ਹ: ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ‘ਚ ਟਿਕਰੀ ਬਾਰਡਰ ‘ਤੇ ਲੱਗੀਆਂ ਪੰਜ ਸਟੇਜਾਂ ਮੌਕੇ ਜੁੜੇ ਵਿਸ਼ਾਲ ਇਕੱਠਾਂ ਨੇ ਖੇਤੀ ਕਾਨੂੰਨਾਂ ਨੂੰ ਕੁਝ ਸਮੇਂ ਲਈ ਮੁਲਤਵੀ ਕਰਨ, ਐਮ ਐਸ ਪੀ ਦੀ ਗਰੰਟੀ ਕਰਨ ਜਾਂ ਸੂਬਿਆਂ ਨੂੰ ਇਹਨਾਂ ਸਬੰਧੀ ਅਧਿਕਾਰ ਦੇਣ ਵਰਗੀ ਨਿਗੁਣੀਆਂ ਰਿਆਇਤਾਂ ਦੀ ਚੱਲਦੀ ਚਰਚਾ ਨੂੰ ਮੁੱਢੋਂ ਰੱਦ ਕਰਕੇ ਪੰਜੇ ਕਾਨੂੰਨਾਂ ਦੀ ਵਾਪਸੀ ਤੱਕ ਮੋਰਚੇ ‘ਚ ਡਟੇ ਰਹਿਣ ਦਾ ਐਲਾਨ ਕੀਤਾ। ਉਹਨਾਂ ਆਖਿਆ ਕਿ ਹੁਣ ਮੋਦੀ ਸਰਕਾਰ ਕੋਲ ਪੰਜੇ ਕਾਨੂੰਨਾਂ ਨੂੰ ਰੱਦ ਕਰਨ ਜਾਂ ਤਾਕਤ ਵਰਤੋਂ ਕਰਨ ਰਾਹੀਂ ਕਿਸਾਨ ਰੋਹ ਦੀ ਪਰਖ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਉਹਨਾਂ ਸਪੱਸ਼ਟ ਕੀਤਾ ਕਿ ਕਿਸਾਨ ਮੋਦੀ ਹਕੂਮਤ ਦੁਆਰਾ ਤਾਕਤ ਦੀ ਵਰਤੋਂ ਕਰਨ ਦੇ ਬਾਵਜੂਦ ਵੀ ਉੱਠਣ ਵਾਲੇ ਨਹੀਂ।
ਇਹਨਾਂ ਇਕੱਠਾਂ ‘ਚ ਬੀਤੇ ਕੱਲ੍ਹ ਮੋਰਚੇ ਚੋਂ ਵਿਛੜੇ ਮਾਨਸਾ ਦੇ ਕਿਸਾਨ ਗੁਰਜੰਟ ਸਿੰਘ ਤੇ ਬਠਿੰਡਾ ਦੇ ਕਿਸਾਨ ਪ੍ਰੀਤਮ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਕੱਠਾਂ ‘ਚ ਅੱਜ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਹਨਾਂ ਇਕੱਠਾਂ ਨੂੰ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, , ਜਨਕ ਸਿੰਘ ਭੁਟਾਲ,ਅਮਰੀਕ ਸਿੰਘ ਗੰਢੂਆਂ , ਪਰਮਜੀਤ ਕੌਰ ਪਿੱਥੋ, ਕੁਲਦੀਪ ਕੌਰ ਕੁੱਸਾ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ ਤੇ ਜ਼ੋਰਾ ਸਿੰਘ ਨਸਰਾਲੀ, ਤੋਂ ਇਲਾਵਾ ਹਰਿਆਣਾ ਤੋਂ ਮਹਿਲਾ ਆਗੂ ਪੰਕਜ ਕਲਕਲ, ਮਨੀਸ਼ਾ ਤੇ ਰਾਜ ਕੁਮਾਰੀ ਤੋਂ ਇਲਾਵਾ ਰਾਜ ਕੁਮਾਰ ਟੇਲੀਆ , ਰਾਜਸਥਾਨ ਦੇ ਉਮਰਾਉ ਸਿੰਘ, ਸੰਤਵੀਰ ਸਿੰਘ, ਤੇ ਰਾਕੇਸ਼ ਬਿਸ਼ਨੋਈ, ਪੰਜ ਮੈਂਬਰੀ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ ਵਲਟੋਹਾ, ਆਗੂਆਂ ਨੇ ਨੇ ਸੰਬੋਧਨ ਕੀਤਾ। ਹਰਿਆਣਾ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਸੰਘਰਸ਼ ‘ਚ ਡਟੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਡਟੇ ਰਹਿਣਗੇ ਅਤੇ ਉਹਨਾਂ ਨੂੰ ਲੰਗਰ ਸਮੇਤ ਕਿਸੇ ਤਰ੍ਹਾਂ ਦੀ ਤੋਟ ਨਹੀਂ ਆਉਣ ਦੇਣਗੇ।
ਬੁਲਾਰਿਆਂ ਨੇ ਆਖਿਆ ਕਿ ਮੋਦੀ ਹਕੂਮਤ ਵਲੋਂ ਲਿਆਂਦੇ ਇਹ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ, ਸ਼ਹਿਰੀ ਗਰੀਬਾਂ ਸਮੇਤ ਮੁਲਕ ਦੇ ਸਮੂਹ ਲੋਕਾਂ ਦੇ ਵਿਰੋਧੀ ਹਨ। ਉਹਨਾਂ ਆਖਿਆ ਕਿ ਇਹੀ ਵਜ੍ਹਾ ਹੈ ਕਿ ਇਸ ਘੋਲ਼ ਨੂੰ ਪੰਜਾਬ ਤੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਸਮੇਤ ਸਮੂਹ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਹਨਾਂ ਵਿੱਚ ਖੇਤ ਮਜ਼ਦੂਰਾਂ, ਸ਼ਹਿਰੀ ਗਰੀਬਾਂ, ਮੁਲਾਜ਼ਮਾਂ, ਦੁਕਾਨਦਾਰਾਂ, ਰੰਗਕਰਮੀਆਂ, ਕਲਾਕਾਰਾਂ, ਸਾਹਿਤਕਾਰਾਂ, ਫ਼ਿਲਮ ਸਾਜਾ ,ਨਾਮੀ ਖਿਡਾਰੀਆਂ ਸਮੇਤ ਅਨੇਕਾਂ ਵਰਗਾਂ ਵੱਲੋਂ ਜ਼ੋਰਦਾਰ ਹਮਾਇਤ ਮਿਲ ਰਹੀ ਹੈ। ਉਹਨਾਂ ਆਖਿਆ ਕਿ ਦਿੱਲੀ ਦੇ ਟੈਕਸੀਆਂ ਤੇ ਟਰੱਕਾਂ ਵਾਲਿਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ‘ਚ ਹੜਤਾਲ ਕਰਨ ਦੇ ਐਲਾਨ ਨੇ ਉਹਨਾਂ ਦੇ ਹੌਸਲੇ ਹੋਰ ਬੁਲੰਦ ਕਰ ਦਿੱਤੇ ਹਨ। ਉਹਨਾਂ ਆਖਿਆ ਕਿ ਆਖਿਆ ਕਿ ਮੋਦੀ ਹਕੂਮਤ ਦਾ ਇਹ ਹਮਲਾ ਦੇਸ਼ ਦੀ ਖੁਰਾਕ ਸੁਰੱਖਿਆ ਤੇ ਵਾਤਾਵਰਨ ਦੇ ਉਤੇ ਦੇ ਉਤੇ ਵੱਡਾ ਹਮਲਾ ਹੈ ਜਿਸ ਦੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਸਮੂਹ ਲੋਕਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਉਹਨਾਂ ਆਖਿਆ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਚੋਂ ਦਿੱਲੀ ਦੀ ਸਰਹੱਦ ਤੇ ਪਿਛਲੇ ਇੱਕ ਹਫਤੇ ਤੋਂ ਵਿਸ਼ਾਲ ਗਿਣਤੀ ਚ ਕਿਸਾਨ , ਕਿਸਾਨ ਔਰਤਾਂ ਤੇ ਨੌਜ਼ਵਾਨ ਨੰਗੇ ਅਸਮਾਨ ਦੀ ਛੱਤ ਹੇਠ ਡਟੇ ਹੋਏ ਹਨ ਪਰ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਦੀ ਵਫਾਦਾਰੀ ਪੁਗਾਉਣ ਲਈ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਲਈ ਤਿਆਰ ਨਹੀਂ। ਉਹਨਾਂ ਆਖਿਆ ਕਿ ਮੋਦੀ ਹਕੂਮਤ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਭੁਲਾਕੇ,ਹੰਭਾਕੇ ਜਾ ਡਰਾ ਕੇ ਘਰਾਂ ਨੂੰ ਤੋਰ ਦੇਵੇਗਾ।
ਇਹਨਾਂ ਇਕੱਠਾਂ ਚ ਅਵਾਮ ਰੰਗਮੰਚ ਪਟਿਆਲਾ ਦੇ ਕਲਾਕਾਰਾਂ ਵੱਲੋਂ ਸੱਤਪਾਲ ਦੀ ਨਿਰਦੇਸ਼ਨਾ ਹੇਠ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ “ਇਹ ਜ਼ਮੀਨ ਦੀ ਕਿਸ ਦੀ ਹੈ” ਖੇਡਿਆ ਗਿਆ ਅਤੇ ਅਜਮੇਰ ਸਿੰਘ ਅਕਲੀਆਂ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਦਸਤਾਵੇਜ਼ੀ ਫ਼ਿਲਮਸਾਜ਼ ਰਣਦੀਪ ਮੱਦੋਕੇ ਮੌਜੂਦ ਸਨ। ਇਕੱਠਾਂ ਨੂੰ ਹੋਰਨਾਂ ਤੋਂ ਇਲਾਵਾ ਹਰਿੰਦਰ ਕੌਰ ਬਿੰਦੂ,ਪੂਰਨ ਸਿੰਘ ਦੋਦਾ, ਅਮਰਜੀਤ ਸਿੰਘ ਸੈਦੋਕੇ, ਭਗਤ ਸਿੰਘ ਛੰਨਾ, ਮਨਜੀਤ ਸਿੰਘ ਨਿਆਲ, ਨੱਥਾ ਸਿੰਘ ਬਰਾੜ, ਹਰਨੇਕ ਸਿੰਘ ਮਾਲੜੀ ਤੇ ਰੰਗ ਕਰਮੀ ਸਰਵੀਰ ਨੇ ਵੀ ਸੰਬੋਧਨ ਕੀਤਾ।