ਜਲੰਧਰ: ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਰ ਦੇ ਸਾਹਮਣੇ ਤੇਜ਼ ਰਫਤਾਰ ਕਾਰ ਨੇ ਔਰਤ ਨੂੰ ਕੁਚਲ ਦਿੱਤਾ। ਜਾਣਕਾਰੀ ਮੁਤਾਬਕ ਘਟਨਾ ਸਮੇਂ ਔਰਤ ਦਾ ਬੱਚਾ ਵੀ ਉਸ ਦੇ ਨਾਲ ਸੀ, ਜਿਸ ਦੀ ਜਾਨ ਬਚ ਗਈ। ਮੰਗਲਵਾਰ ਦੇਰ ਰਾਤ ਸਾਰੀ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋਣੀ ਸ਼ੁਰੂ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਨੀਲਾਮਹਿਲ ਦੀ ਰਹਿਣ ਵਾਲੀ ਰੀਆ ਵਜੋਂ ਹੋਈ ਹੈ।
ਸੀਸੀਟੀਵੀ ‘ਚ ਕਾਰ ਚਾਲਕ ਵਲੋਂ ਔਰਤ ਨੂੰ ਦਰੜਦੇ ਦੇਖਿਆ ਜਾ ਸਕਦਾ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਇਹ ਹਾਦਸਾ ਕਰੀਬ 12.40 ਮਿੰਟ ‘ਤੇ ਵਾਪਰਿਆ। ਘਟਨਾ ਦੇ ਸਮੇਂ ਮੰਦਰ ਬੰਦ ਸੀ, ਇਸ ਲਈ ਉਹ ਬਾਹਰੋਂ ਮੰਦਰ ‘ਚ ਮੱਥਾ ਟੇਕ ਕੇ ਸੜਕ ਕਿਨਾਰੇ ਸੌਂ ਰਹੇ ਭਿਖਾਰੀ ਨੂੰ ਭੋਗ ਦੇਣ ਲਈ ਸੜਕ ਪਾਰ ਕਰ ਰਹੀ ਸੀ। ਇਸੇ ਦੌਰਾਨ ਦੋਆਬਾ ਚੌਕ ਵੱਲੋਂ ਆ ਰਹੀ ਇੱਕ ਐਕਸਯੂਵੀ ਗੱਡੀ ਨੇ ਔਰਤ ਨੂੰ ਕੁਚਲ ਦਿੱਤਾ। ਮੁਲਜ਼ਮ ਨੇ ਔਰਤ ਦੇ ਉੱਪਰ ਗੱਡੀ ਚੜ੍ਹਾ ਦਿੱਤੀ, ਜੋ ਕਿ ਸੀਸੀਟੀਵੀ ਵਿੱਚ ਕੈਦ ਹੋ ਗਈ।
ਥਾਣਾ-8 ਦੇ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੇਵੀ ਤਾਲਾਬ ਮੰਦਰ ਦੇ ਬਾਹਰ ਇਕ ਤੇਜ਼ ਰਫਤਾਰ ਕਾਰ ਨੇ ਇਕ ਔਰਤ ਨੂੰ ਕੁਚਲ ਦਿੱਤਾ ਹੈ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਡਰਾਈਵਰ ਮੌਕੇ ‘ਤੇ ਨਹੀਂ ਰੁਕਿਆ ਸਗੋਂ ਉਥੋਂ ਫ਼ਰਾਰ ਹੋ ਗਿਆ।
ਸੂਚਨਾ ਮਿਲਣ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਮ੍ਰਿਤਕ ਰੀਆ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਰੀਆ ਦੇ ਨਾਲ ਉਸਦਾ ਬੇਟਾ, ਭਰਾ ਅਤੇ ਪਰਿਵਾਰਕ ਦੋਸਤ ਵੀ ਸਨ। ਜੋ ਸੜਕ ਦੇ ਉਸ ਪਾਸੇ ਖੜ੍ਹੇ ਸਨ। ਪਰਿਵਾਰ ਰਾਤ ਨੂੰ ਖਾਣਾ ਖਾਣ ਗਿਆ ਹੋਇਆ ਸੀ। ਖਾਣਾ ਖਾਣ ਤੋਂ ਬਾਅਦ ਜਦੋਂ ਉਹ ਭਿਖਾਰੀ ਨੂੰ ਦਾਨ ਦੇਣ ਲਈ ਅੱਗੇ ਵਧੀ ਤਾਂ ਇਹ ਹਾਦਸਾ ਵਾਪਰ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।