ਗੁਰਦੁਆਰਾ ਟਿੱਬੀ ਸਾਹਿਬ ਵਿੱਚ ਭੋਗ ਦੌਰਾਨ ਏਸੀ ਕੰਪ੍ਰੈਸਰ ਫਟਣ ਨਾਲ ਔਰਤ ਦੀ ਮੌਤ

Global Team
2 Min Read

ਚੰਡੀਗੜ੍ਹ: ਰੋਪੜ ਨੇੜੇ ਸਤਲੁਜ ਦਰਿਆ ਦੇ ਕੰਢੇ ਸਥਿਤ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣਾ (ਗੁਰੂਦੁਆਰਾ ਟਿੱਬੀ ਸਾਹਿਬ) ਵਿਖੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਸੰਤ ਬਾਬਾ ਖੁਸ਼ਹਾਲ ਸਿੰਘ ਦੇ ਭੋਗ ਅਤੇ ਅੰਤਿਮ ਅਰਦਾਸ ਦੌਰਾਨ, ਏਅਰ ਕੰਡੀਸ਼ਨਰ ਕੰਪ੍ਰੈਸਰ ਫਟਣ ਨਾਲ ਇੱਕ ਔਰਤ ਸ਼ਰਧਾਲੂ ਦੀ ਮੌਤ ਅਤੇ 9 ਹੋਰ ਸ਼ਰਧਾਲੂ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿੱਚੋਂ ਇੱਕ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਮ੍ਰਿਤਕਾ ਦੀ ਪਛਾਣ ਕਸ਼ਮੀਰ ਕੌਰ (62) ਵਾਸੀ ਹਰਗੋਬਿੰਦ ਨਗਰ, ਰੂਪਨਗਰ ਵਜੋਂ ਹੋਈ ਹੈ। ਗੰਭੀਰ ਜ਼ਖਮੀ ਔਰਤ ਦੀ ਪਛਾਣ ਬਲਜੀਤ ਕੌਰ ਵਾਸੀ ਪਿੰਡ ਭਲਿਆਣ ਵਜੋਂ ਹੋਈ ਹੈ, ਜਿਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣਾ ਵਿਖੇ ਸੰਤ ਬਾਬਾ ਖੁਸ਼ਹਾਲ ਸਿੰਘ ਦੀ ਅੰਤਿਮ ਅਰਦਾਸ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ। ਇਸ ਦੌਰਾਨ ਅਚਾਨਕ ਏਅਰ ਕੰਡੀਸ਼ਨਰ ਦਾ ਕੰਪ੍ਰੈਸਰ ਫਟ ਗਿਆ ਅਤੇ ਅੱਗ ਲੱਗ ਗਈ। ਇਸ ਕਾਰਨ ਸ਼ਰਧਾਲੂਆਂ ਵਿੱਚ ਭਗਦੜ ਮਚ ਗਈ। ਇਸ ਕਾਰਨ 10 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਰੂਪਨਗਰ ਦੇ ਪਰਮਾਰ ਹਸਪਤਾਲ ਲਿਜਾਇਆ ਗਿਆ, ਜਿੱਥੇ ਕਸ਼ਮੀਰ ਕੌਰ ਦੀ ਮੌਤ ਹੋ ਗਈ।

ਗੰਭੀਰ ਰੂਪ ਵਿੱਚ ਜ਼ਖਮੀ ਔਰਤ ਬਲਜੀਤ ਕੌਰ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ, ਜਦੋਂ ਕਿ ਬਾਕੀ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੰਤਿਮ ਅਰਦਾਸ ਸਮੇਂ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂ ਵੀ ਮੌਜੂਦ ਸਨ। ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਵੀ ਜ਼ਖਮੀਆਂ ਦਾ ਹਾਲ ਜਾਣਨ ਲਈ ਪਹੁੰਚੇ।

Share This Article
Leave a Comment