ਲੁਧਿਆਣਾ – ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬੈਂਸ ‘ਤੇ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਨਾਲ ਮੁਲਾਕਾਤ ਕੀਤੀ। ਪੀੜਤ ਮਹਿਲਾ ਨੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਅਤੇ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾਵੇ।
ਮਹਿਲਾ ਅਤੇ ਉਸ ਦੇ ਨਾਲ ਪਹੁੰਚੇ ਹੋਏ ਲੋਕਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਬੈਂਸ ਤੇ ਉਸਦੇ ਸਾਥੀ ਪੀੜਤ ਮਹਿਲਾ ਨੂੰ ਵੱਖ-ਵੱਖ ਤਰੀਕੇ ਨਾਲ ਧਮਕਾ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੇ ਕਿਹਾ ਕਿ ਬੈਂਸ ਦੇ ਸਾਥੀ ਮਹਿਲਾ ਦੀ ਗਲੀ ‘ਚ ਚੱਕਰ ਵੀ ਲਗਾ ਰਹੇ ਹਨ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ।
ਮਹਿਲਾ ਨੇ ਪੁਲਿਸ ਕਾਰਵਾਈ ‘ਤੇ ਸਵਾਲ ਚੁੱਕਦਿਆਂ ਕਿਹਾ ਕਿ, ਉਨ੍ਹਾਂ ਕੋਲ ਸਿਮਰਜੀਤ ਸਿੰਘ ਬੈਂਸ ਵਲੋਂ ਭੇਜੇ ਮੈਸੇਜ ਦੇ ਪੁਖਤਾ ਸਬੂਤ ਹਨ ਤਾਂ ਫਿਰ ਪੁਲਿਸ ਉਸਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੀ ? ਇਸ ਤੋਂ ਇਲਾਵਾ ਮਹਿਲਾ ਨੇ ਕਿਹਾ ਕਿ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਇਸ ਲਈ ਮੁਲਜ਼ਮਾਂ ਤੋਂ ਬਚਣ ਲਈ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਜਾਵੇ।