ਵਿਨੀਪੈਗ : ਕੈਨੇਡਾ ਦੇ ਸ਼ਹਿਰ ਵਿਨੀਪੈਗ ‘ਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇੱਕ ਪਿਓ ਨੇ ਆਪਣੀ ਹੀ ਤਿੰਨ ਸਾਲਾ ਧੀ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ 7 ਜੁਲਾਈ ਦੀ ਸਵੇਰ ਪੁਲਿਸ ਨੂੰ ਰੌਬਰਟਸਨ ਇਲਾਕੇ ਵਿੱਚ ਬੱਚੇ ਨੂੰ ਅਗਵਾ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਤਿੰਨ ਸਾਲਾ ਬੱਚੀ ਨੂੰ ਉਸ ਦੇ ਹੀ ਪਿਤਾ 28 ਸਾਲਾ ਫਰੈਂਕ ਨੌਸਿਗੀਮਾਨਾ ਨੇ ਚਾਕੂ ਦੀ ਨੋਕ ‘ਤੇ ਮਾਂ ਕੋਲੋਂ ਅਗਵਾ ਕਰ ਲਿਆ।
ਪੁਲਿਸ ਨੇ ਦੱਸਿਆ ਕਿ ਮਾਂ ਤੇ ਬੱਚੀ ਉਸ ਸਮੇਂ ਕਾਰ ਵਿੱਚ ਇੱਕਲੀਆਂ ਸਨ ਜਦੋਂ ਇਹ ਘਟਨਾ ਵਾਪਰੀ। ਬੱਚੀ ਨੂੰ ਅਗਵਾ ਕਰਨ ਤੋਂ ਬਾਅਦ ਫਰੈਂਕ ਨੇ ਇੱਕ ਹੋਰ ਗੱਡੀ ਨੂੰ ਰੋਕਿਆ। ਗੱਡੀ ਵਿੱਚ ਸਵਾਰ ਵਿਅਕਤੀ ਤੇ ਫਰੈਂਕ ਵਿੱਚ ਕੋਈ ਗੱਲ ਹੋਈ ਪਰ ਇਸ ਸਬੰਧੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਕਾਰ ਚਾਲਕ ਨੇ ਹੀ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਅਧਿਕਾਰੀਆਂ ਨੂੰ ਲੋਕੇਸ਼ਨ ਬਾਰੇ ਜਾਣਕਾਰੀ ਮਿਲੀ।
ਪੁਲਿਸ ਨੇ ਫਰੈਂਕ ਨੂੰ ਕਿੰਗ ਐਡਵਰਡ ਸਟਰੀਟ ਤੇ ਜੈਫਰਸਨ ਐਵਨਿਊ ਦੇ ਬਾਹਰ ਪਾਰਕ ਕੀਤੀ ਗਈ ਕਾਰ ਕੋਲੋਂ ਗ੍ਰਿਫਤਾਰ ਕਰ ਲਿਆ ਤੇ ਬੱਚੀ ਵੀ ਕਾਰ ‘ਚੋਂ ਜ਼ਖ਼ਮੀ ਹਾਲਤ ‘ਚ ਮਿਲੀ। ਮੌਕੇ ‘ਤੇ ਪੁਲਿਸ ਅਧਿਕਾਰੀਆਂ ਨੇ ਬੱਚੀ ਨੂੰ ਮੁਢਲੀ ਮੈਡੀਕਲ ਸਹਾਇਤਾ ਵੀ ਦਿੱਤੀ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਬੱਚੀ ਦਮ ਤੋੜ ਗਈ।
ਕਾਂਸਟੇਬਲ ਜੇਅ ਮੁਰੇਅ ਨੇ ਦੱਸਿਆ ਕਿ ਇਹ ਬਹੁਤ ਹੀ ਦੁਖਦਾਈ ਤੇ ਦਿਲ ਦਹਿਲਾਉਣ ਵਾਲੀ ਘਟਨਾ ਹੈ। 28 ਸਾਲਾ ਫਰੈਂਕ ਨੌਸਿਗੀਮਾਨਾ ਨੂੰ ਫਰਸਟ ਡਿਗਰੀ ਮਰਡਰ ਦੇ ਚਾਰਜ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।