ਕੌਣ ਹੈ ਨਾਰਾਇਣ ਸਿੰਘ ਚੌੜਾ ਜਿਸ ਨੇ ਸੁਖਬੀਰ ਬਾਦਲ ‘ਤੇ ਕੀਤੀ ਫਾਇਰਿੰਗ?

Global Team
3 Min Read

ਚੰਡੀਗੜ੍ਹ: ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ‘ਤੇ ਫਾਇਰਿੰਗ ਤੋਂ ਬਾਅਦ ਹਰ ਕੋਈ ਇਹ ਹੀ ਜਾਣਨਾ ਚਾਹੁੰਦਾ ਹੈ ਕਿ ਆਖਰ ਨਾਰਾਇਣ ਸਿੰਘ ਚੌੜਾ ਕੌਣ ਸੀ। ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਗੇਟ ‘ਤੇ ਜਦੋਂ ਸੁਖਬੀਰ ਸੇਵਾਦਾਰ ਦੀ ਭੂਮਿਕਾ ਨਿਭਾਉਣ ਲਈ ਮੁੱਖ ਗੇਟ ‘ਤੇ ਤਾਇਨਾਤ ਸੀ ਤਾਂ ਹਮਲਾਵਰ ਨੇ ਉਹਨਾਂ ‘ਤੇ ਫਾਇਰਿੰਗ ਕੀਤੀ ਗਈ ਪਰ ਨਿਸ਼ਾਨਾ ਖੁੰਝ ਗਿਆ। ਗੋਲੀ ਕੰਧ ‘ਚ ਜਾ ਲੱਗੀ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਮਲਾਵਰ ਹੱਥ ਵਿੱਚ ਪਿਸਤੌਲ ਲੈ ਕੇ ਸੁਖਬੀਰ ਬਾਦਲ ਵੱਲ ਭੱਜਿਆ ਤੇ ਗੋਲੀ ਚਲਾ ਦਿੱਤੀ। ਫਿਰ ਉਥੇ ਖੜ੍ਹੇ ਸੁਰੱਖਿਆ ਕਰਮਚਾਰੀਆਂ ਨੇ ਉਸ ਵਿਅਕਤੀ ਨੂੰ ਫੜ ਕੇ ਪਿਸਤੌਲ ਖੋਹ ਲਿਆ। ਹਮਲਾਵਰ ਦੀ ਸ਼ਨਾਖਤ ਨਾਰਾਇਣ ਸਿੰਘ ਚੌੜਾ ਵਜੋਂ ਹੋਈ ਹੈ।

ਕੌਣ ਹੈ ਨਾਰਾਇਣ ਸਿੰਘ ਚੌੜਾ ?

ਨਾਰਾਇਣ ਸਿੰਘ ਚੌੜਾ ਦਾ ਜਨਮ 4 ਅਪ੍ਰੈਲ 1956 ਵਿੱਚ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੇ ਪਿੰਡ ਚੌੜਾ ਵਿੱਚ ਹੋਇਆ ਸੀ। ਉਹ  ਗਰਮਖਿਆਲੀ ਫੈਡਰੇਸ਼ਨ ਨਾਲ ਜੁੜੇ ਹੋਏ ਸੀ ਤੇ ਉਹ ਚੰਡੀਗੜ੍ਹ ਦੇ ਬੁੜੈਲ ਜੇਲ੍ਹ ਬਰੇਕ ਕਾਂਡ ਦਾ ਵੀ ਮੁਲਜ਼ਮ ਸੀ।  ਇਲਜ਼ਾਮ ਹੈ ਕਿ ਉਹਨਾਂ ਨੇ ਇਸ ਘਟਨਾ ਵਿੱਚ ਅੱਤਵਾਦੀਆਂ ਦੀ ਮਦਦ ਕੀਤੀ ਸੀ। ਚਾਰੇ ਕੈਦੀ 94 ਫੁੱਟ ਲੰਬੀ ਸੁਰੰਗ ਪੁੱਟ ਕੇ ਜੇਲ੍ਹ ਤੋਂ ਫਰਾਰ ਹੋ ਗਏ ਸਨ। ਹਾਲਾਂਕਿ ਅਦਾਲਤ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ।

ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਲੰਮਾ ਸਮਾਂ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਨਾਰਾਇਣ ਸਿੰਘ ਚੌੜਾ ਜ਼ਮਾਨਤ ’ਤੇ ਬਾਹਰ ਆਇਆ ਸੀ। ਉਹ ਪੰਜ ਸਾਲ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਕੱਟ ਚੁੱਕਾ ਹੈ।

ਉਸ ‘ਤੇ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਵਿਚ 8 ਮਈ 2010 ਨੂੰ ਵਿਸਫੋਟਕ ਐਕਟ ਦੇ ਤਹਿਤ ਇਕ ਦਰਜਨ ਦੇ ਕਰੀਬ ਕੇਸ ਦਰਜ ਕੀਤੇ ਗਏ ਸਨ। ਉਹ ਅੰਮ੍ਰਿਤਸਰ, ਤਰਨ ਤਾਰਨ ਤੇ ਰੋਪੜ ਜ਼ਿਲ੍ਹਿਆਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਧੀਨ ਕੇਸਾਂ ਵਿੱਚ ਵੀ ਲੋੜੀਂਦਾ ਸੀ। ਮੁਲਜ਼ਮ ਨੂੰ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਵਿਸਫੋਟਕ ਐਕਟ ਦੇ ਤਹਿਤ ਕੇਸ ਵਿੱਚ ਬਰੀ ਕਰ ਦਿੱਤਾ ਸੀ।

ਇਹ ਦੋਸ਼ ਵੀ ਹਨ ਕਿ ਚੌੜਾ 1984 ਵਿੱਚ ਪਾਕਿਸਤਾਨ ਗਿਆ ਸੀ ਅਤੇ ਖਾੜਕੂਵਾਦ ਦੇ ਸ਼ੁਰੂਆਤੀ ਪੜਾਅ ਦੌਰਾਨ ਪੰਜਾਬ ਵਿੱਚ ਹਥਿਆਰਾਂ ਤੇ ਵਿਸਫੋਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਪਾਕਿਸਤਾਨ ਵਿੱਚ ਰਹਿੰਦਿਆਂ, ਉਸਨੇ ਕਥਿਤ ਤੌਰ ‘ਤੇ ਗੁਰੀਲਾ ਯੁੱਧ ਅਤੇ “ਦੇਸ਼ ਧ੍ਰੋਹੀ” ਸਾਹਿਤ ‘ਤੇ ਇੱਕ ਕਿਤਾਬ ਲਿਖੀ।

Share This Article
Leave a Comment