ਔਕਲੈਂਡ : ਨਿਊਜ਼ੀਲੈਂਡ ਦੇ ਕੈਂਟਰਬਰੀ ਦੇ ਇਕ ਸ਼ਹਿਰ ਟੀਮਾਰੂ ਦਾ ਰਹਿਣ ਵਾਲਾ ਇੱਕ 23 ਸਾਲਾ ਨੌਜਵਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛੱਕ ਕੇ ਨਿਊਜ਼ੀਲੈਂਡ ਦੀ ਆਰਮੀ ‘ਚ ਭਰਤੀ ਹੋਇਆ ਹੈ। ਇਸ ਨੌਜ਼ਵਾਨ ਦਾ ਅੰਗਰੇਜ਼ੀ ਨਾਮ ਲੂਈਸ ਟਾਲਬੋਟ ਅਤੇ ਪੰਜਾਬੀ ਨਾਮ ਲੂਈ ਸਿੰਘ ਖਾਲਸਾ ਹੈ। ਲੂਈਸ ਦੇ ਇਸ ਉਦਮ ਨੇ ਪੂਰੀ ਦੁਨੀਆ ‘ਚ ਸਿੱਖ ਕੌਮ ਦਾ ਨਾਮ ਹੋਰ ਉੱਚਾ ਕੀਤਾ ਹੈ ਅਤੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ। ਇਸ ਦੇ ਨਾਲ ਹੀ ਦਸਤਾਰ ਸਜਾ ਕੇ ਅੱਗੇ ਵਧਣ ਲਈ ਇਹ ਸਿੱਖ ਬੱਚਿਆਂ ਲਈ ਵਿਸ਼ਵ ਵਿਆਪੀ ਇਕ ਵਧੀਆ ਉਦਾਹਰਣ ਹੈ ਤਾਂ ਕਿ ਕੇਸਾਂ ਕਰਕੇ ਉਨ੍ਹਾਂ ਦੇ ਵਿਚ ਕੋਈ ਹੀਣ ਭਾਵਨਾ ਨਾ ਪੈਦਾ ਹੋਵੇ।
ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਨਿਊਜ਼ੀਲੈਂਡ ਆਰਮੀ ਦੇ ‘ਚ ਨਵੇਂ ਭਰਤੀ ਹੋਏ 63 ਮੁੰਡਿਆਂ ਦੀ ਪਾਸਿੰਗ ਪ੍ਰੇਡ ਹੋਈ। ਲੂਈਸ ਟਾਲਬੋਟ ਇਨ੍ਹਾਂ ਨੌਜਵਾਨਾਂ ‘ਚੋਂ ਇੱਕ ਹੈ। ਲੂਈਸ ਨੇ ਸਾਲ 2018 ‘ਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛੱਕਿਆ ਸੀ। ਉਹ 2015 ‘ਚ ਆਪਣੇ ਇਕ ਦੋਸਤ ਦੇ ਘਰ ਇਕ ਸਿੱਖ ਨੌਜਵਾਨ ਤੇਜਿੰਦਰ ਸਿੰਘ (ਹੁਣ ਕੈਨੇਡਾ) ਨੂੰ ਮਿਲਿਆ। ਉਸਨੇ ਗੁਰੂ ਘਰ ਬਾਰੇ ਜਾਣਕਾਰੀ ਮੰਗੀ। ਇਸ ਨੂੰ ਕ੍ਰਾਈਸਟਚਰਚ ਦੇ ਗੁਰਦੁਆਰਾ ਜਗਤ ਗੁਰੂ ਨਾਨਕ ਸਾਹਿਬ ਵਿਖੇ ਆਉਣ ਲਈ ਕਿਹਾ ਗਿਆ। ਜਿੱਥੇ ਉਸਨੂੰ ਇਕ ਅਲੱਗ ਤਰ੍ਹਾਂ ਸਕੂਨ ਦਿੰਦਾ ਅਹਿਸਾਸ ਹੋਇਆ।
ਜੂਨ 2018 ਦੇ ‘ਚ ਲੂਈਸ ਪੰਜਾਬ ਆਇਆ ਅਤੇ ਕੁਝ ਸਮਾਂ ਇੱਕ ਸਿੱਖ ਪਰਿਵਾਰ ਨਾਲ ਰਹਿੰਦਾ ਰਿਹਾ। ਇਸ ਸਮੇਂ ਦੌਰਾਨ ਉਸ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਤੋਂ ਅੰਮ੍ਰਿਤ ਛੱਕਿਆ। ਇਸ ਤੋਂ ਬਾਅਦ ਲੂਈਸ ਨੇ ਪੰਜਾਬ ਤੋਂ ਵਾਪਿਸ ਨਿਊਜ਼ੀਲੈਂਡ ਆ ਕੇ ਤਬਲਾ ਅਤੇ ਕੀਰਤਨ ਸਿੱਖਣਾ ਸ਼ੁਰੂ ਕਰ ਦਿੱਤਾ। ਲੂਈਸ ਦੀ ਮਾਤਾ ਇੰਗਲੈਂਡ ਅਤੇ ਪਿਤਾ ਨਿਊਜ਼ੀਲੈਂਡ ਤੋਂ ਹਨ। ਉਸ ਦਾ ਇੱਕ ਵੱਡਾ ਭਰਾ ਅਤੇ ਇੱਕ ਛੋਟੀ ਭੈਣ ਵੀ ਹੈ।
ਦੱਸ ਦਈਏ ਕਿ ਦੇਸ਼ ਦੀ ਸੁਰੱਖਿਆ ਲਈ ਇੱਥੇ ਦੀ ਆਰਮੀ ਇੱਕ ਆਧੁਨਿਕ ਸੈਨਾ ਹੈ ਜੋ ਕਿ ਸੰਯੁਕਤ ਰਾਸ਼ਟਰ ਦੀ ਸਹਾਇਤਾ ਨਾਲ ਅਫਗਾਨਿਸਤਾਨ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਦਿੰਦੀ ਹੈ।