…ਜਦੋਂ ਰਾਵਣ ਨੂੰ ਮਰਿਆ ਦੇਖ ਲੋਕਾਂ ਨੇ ਮਨਾਇਆ ਸੋਗ!

TeamGlobalPunjab
2 Min Read

ਕਿਸੇ ਵੀ ਫਿਲਮ, ਜਾਂ ਨਾਟਕ ਦੌਰਾਨ ਜਿਹੜਾ ਕਿਰਦਾਰ ਸਭ ਤੋਂ ਵੱਧ ਮਕਬੂਲ ਹੁੰਦਾ ਹੈ ਉਸ ਵਿਅਕਤੀ ਦੀ ਪਹਿਚਾਣ ਵੀ ਦੁਨੀਆਂ ਦੇ ਵਿੱਚ ਉਸ ਨਾਟਕੀ ਜਾਂ ਫਿਲਮੀ ਕਿਰਦਾਰ ਦੇ ਨਾਮ ‘ਤੇ ਬਣ ਜਾਂਦੀ ਹੈ। ਕੁਝ ਅਜਿਹਾ ਹੀ ਹੋ ਰਿਹਾ ਹੈ 1986-88 ਦਰਮਿਆਨ ਪ੍ਰਸਾਰਿਤ ਹੋਣ ਹੋਣ ਵਾਲੇ ਇੱਕ ਨਾਟਕ ਰਾਮਾਨੰਦ ਸਾਗਰ ਦੀ ਰਾਮਾਇਣ ਦੇ ਰਾਵਣ ਨਾਲ। ਅਜਿਹਾ  ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਨਾਟਕ ਵਿੱਚ ਰਾਵਣ ਦਾ ਰੋਲ ਅਦਾ ਕਰਕੇ ਜਿੱਥੇ ਅਰਵਿੰਦ ਤ੍ਰਿਵੇਦੀ ਨੇ ਲੋਕਾਂ ਦਾ ਪਿਆਰ ਹਾਸਲ ਕੀਤਾ ਉੱਥੇ ਆਪਣੇ ਰੋਲ ‘ਚ ਜਿੰਦ ਜਾਨ ਪਾ ਦਿੱਤੀ।

ਦੱਸ ਦਈਏ ਕਿ ਅਰਵਿੰਦ ਤ੍ਰਿਵੇਦੀ ਇਦੌਰ ਸ਼ਹਿਰ ਨਾਲ ਸਬੰਧ ਰਖਦੇ ਹਨ। ਉਨ੍ਹਾਂ ਨੂੰ ਅਦਾਕਾਰੀ ਦਾ ਇਹ ਜਾਗ ਆਪਣੇ ਵੱਡੇ ਭਰਾ ਉਪੇਂਦਰ ਤ੍ਰਿਵੇਦੀ ਤੋਂ ਲੱਗਿਆ ਜਿਹੜੇ ਕਿ ਗੁਜਰਾਤ ਦੇ ਮੰਨੇ ਪਰਵੰਨੇ ਥਿਏਟਰ ਅਦਾਕਾਰ ਹਨ। ਲੰਕਾਪਤੀ ਰਾਵਣ  ਦੇ ਰੋਲ ਵਿੱਚ ਤ੍ਰਿਵੇਦੀ ਨੇ ਇੰਨੀ ਪ੍ਰਸਿੱਧੀ ਹਾਸਲ ਕੀਤੀ ਕਿ ਲੋਕ ਉਨ੍ਹਾਂ ਨੂੰ ਅਸਲ ਜਿੰਦਗੀ ਵਿੱਚ ਵੀ ਰਾਵਣ ਸਮਝਣ ਲੱਗੇ। ਇੱਕ ਇੰਟਰਵਿਊ ਦੌਰਾਨ ਤ੍ਰਿਵੇਦੀ ਨੇ ਦੱਸਿਆ ਕਿ ਉਹ ਕੇਵਟ ਦੇ ਰੋਲ ਲਈ ਆਡੀਸ਼ਨ ਦੇਣ ਗਏ ਸਨ ਪਰ ਰਾਮਾਂਨੰਦ ਸਾਗਰ ਨੇ ਉਨ੍ਹਾਂ ਨੂੰ ਰਾਵਣ ਦੇ ਰੋਲ ਲਈ ਚੁਣ ਲਿਆ।

ਉਨ੍ਹਾਂ ਦੱਸਿਆ ਕਿ ਆਡੀਸ਼ਨ ਦੌਰਾਨ ਜਦੋਂ ਉਹ ਕੁਝ ਡਾਇਆਲਾਗ ਬੋਲ ਕੇ ਤੁਰੇ ਤਾਂ ਰਾਮਾਂਨੰਦ ਨੇ ਖੁਸ਼ੀ ਨਾਲ ਕਿਹਾ ਕਿ ਮਿਲ ਗਿਆ ਮੇਰਾ ਲੰਕੇਸ਼। ਅਰਵਿੰਦ ਅਨੁਸਾਰ ਇਸ ਸੀਰੀਅਲ ਤੋਂ ਬਾਅਦ ਲੋਕ ਉਨ੍ਹਾਂ ਨੂੰ ਅਸਲੀ ਨਾਮ ਨਾਲ ਨਹੀਂ ਲੰਕਾਪਤੀ ਰਾਵਣ ਦੇ ਨਾਮ ਨਾਲ ਜਾਣਦੇ ਸਨ। ਤ੍ਰਿਵੇਦੀ ਅਨੁਸਾਰ ਹਾਲਾਤ ਇਹ ਬਣ ਗਏ ਸਨ ਕਿ ਲੋਕ ਉਨ੍ਹਾਂ ਦੇ ਬੱਚਿਆਂ ਨੂੰ ਰਾਵਣ ਦੇ ਬੱਚੇ ਅਤੇ ਪਤਨੀ ਨੂੰ ਮੰਦੋਦਰੀ ਕਹਿ ਕੇ ਬੁਲਾਉਣ ਲੱਗ ਗਏ ਸਨ। ਤ੍ਰਿਵੇਦੀ ਅਨੁਸਾਰ ਜਿਸ ਦਿਨ ਨਾਟਕ ਵਿੱਚ ਰਾਵਣ ਮਾਰਿਆ ਗਿਆ ਸੀ ਤਾਂ ਉਸ ਦੇ ਪੂਰੇ ਇਲਾਕੇ ਵਿੱਚ ਸੋਗ ਮਨਾਇਆ ਗਿਆ ਸੀ।

Share this Article
Leave a comment