ਚੰਡੀਗੜ੍ਹ: ਪੰਜਾਬ ਵਿੱਚ ਅੱਜ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਮੰਡੀਆਂ ਵਿੱਚ ਲੇਬਰ ਪਹੁੰਚ ਗਈ ਹੈ ਪਰ ਪੰਜਾਬ ਸਰਕਾਰ ਅਤੇ ਕੇਂਦਰ ਵਿਚਾਲੇ ਸਿੱਧੀ ਅਦਾਇਗੀ ਨੂੰ ਲੈ ਕੇ ਰੇੜਕਾ ਹਾਲੇ ਵੀ ਜਾਰੀ ਹੈ। ਕੇਂਦਰ ਸਰਕਾਰ ਤੋਂ ਇਸ ਸਬੰਧੀ ਕੋਈ ਰਾਹਤ ਨਾਂ ਮਿਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਆੜ੍ਹਤੀਆਂ ਦੇ ਨਾਲ ਮੁਲਾਕਾਤ ਕੀਤੀ ਸੀ ਪਰ ਇਸ ਬੈਠਕ ‘ਚ ਵੀ ਕੋਈ ਸਿੱਟਾ ਨਹੀਂ ਨਿਕਲਿਆ।
ਜਿਸ ਤੋਂ ਬਾਅਦ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਵੱਲੋਂ ਲੁਧਿਆਣਾ ਵਿੱਚ ਇਕ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਆੜ੍ਹਤੀਏ ਅਗਲੀ ਰਣਨੀਤੀ ਉਲੀਕਣਗੇ। ਆੜ੍ਹਤੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਨਹੀਂ ਕੀਤਾ ਜਾਂਦਾ ਉਦੋਂ ਤਕ ਕਣਕ ਦੀ ਖਰੀਦ ਨਹੀਂ ਕੀਤੀ ਜਾਵੇਗੀ ।
ਬੀਤੇ ਦਿਨ ਪੰਜਾਬ ਸਰਕਾਰ ਦੇ ਨਾਲ ਆੜ੍ਹਤੀਆਂ ਦੀ ਹੋਈ ਮੁਲਾਕਾਤ ਵਿਚ ਸਰਕਾਰ ਨੇ ਆੜ੍ਹਤੀਆਂ ਨੂੰ ਭਰੋਸਾ ਦਿਵਾਇਆ ਸੀ ਕਿ ਸਿਸਟਮ ‘ਚ ਆੜ੍ਹਤੀਆਂ ਦੀ ਭਾਗੇਦਾਰੀ ਬਣੀ ਰਹੇਗੀ। ਜਿਸ ਲਈ ਮਹਿਕਮੇ ਵੱਲੋਂ ਨਵੇਂ ਸਿਸਟਮ ਤੇ ਕੰਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਦੀ ਪ੍ਰਵਾਨਗੀ ਮਗਰੋਂ ਆੜ੍ਹਤੀਆਂ ਅੱਗੇ ਨਵੀਂ ਤਜਵੀਜ਼ ਵੀ ਰੱਖੀ ਜਾਵੇਗੀ।