ਚੰਡੀਗੜ੍ਹ ਦੇ ਅਧਿਕਾਰੀਆਂ ਨੇ ਵਾਰ ਰੂਮ ਮੀਟਿੰਗ ਵਿੱਚ ਕਿਹੜੇ ਲਏ ਅਹਿਮ ਫੈਸਲੇ – ਪੜ੍ਹੋ ਪੂਰੀ ਖ਼ਬਰ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਚੰਡੀਗੜ੍ਹ ਵਾਰ ਰੂਮ ਨੇ ਅੱਜ ਅਹਿਮ ਫੈਸਲੇ ਲੈਂਦੇ ਹੋਏ ਸ਼ਹਿਰ ਦੇ ਸਾਰੇ ਬਾਜ਼ਾਰ ਸਵੇਰੇ 9 ਤੋਂ ਬਾਅਦ ਦੁਪਹਿਰ 3 ਵਜੇ ਤਕ ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜੇ ਹਾਲਾਤ ਮੁੜ ਕਾਬੂ ਤੋਂ ਬਾਹਰ ਹੋਏ ਤਾਂ ਦੁਬਾਰਾ ਪਾਬੰਦੀਆਂ ਲੱਗ ਸਕਦੀਆਂ ਹਨ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਬਿਜਲੀ, ਪਾਣੀ ਦੀਆਂ ਦਰਾਂ, ਪ੍ਰੋਪਰਟੀ ਟੈਕਸ ਵਿੱਚ ਛੋਟ ਦੇਣ ਦੀ ਮੰਗ ਦੇ ਨਾਲ ਨਾਲ ਸਰਕਾਰੀ ਦੁਕਾਨਾਂ ਦੇ ਕਿਰਾਏ ਵਿੱਚ ਛੋਟ ਦੇਣ ਲਈ ਵਪਾਰੀਆਂ ਅਤੇ ਉਦਯੋਗਕ ਸੰਗਠਨਾਂ ਨਾਲ ਵੱਖਰੇ ਤੌਰ ‘ਤੇ ਵਿਚਾਰ ਕੀਤਾ ਜਾਵੇਗਾ। ਪਾਣੀ ਦੀਆਂ ਪੁਰਾਣੀਆਂ ਦਰਾਂ 31 ਮਾਰਚ, 2022 ਤਕ ਜਾਰੀ ਰਹਿਣਗੀਆਂ। ਵਧਾਈਆਂ ਗਈਆਂ ਦਰਾਂ ਉਪਰ ਰੋਕ ਲਗਾ ਦਿੱਤੀ ਹੈ।

ਅੱਜ ਪ੍ਰਸ਼ਾਸ਼ਕ ਵੀ ਪੀ ਸਿੰਘ ਬਦਨੌਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸਲਾਹਕਾਰ ਮਨੋਜ ਪਰੀਦਾ, ਗ੍ਰਹਿ ਸਕੱਤਰ ਅਰੁਣ ਗੁਪਤਾ, ਵਿੱਤ ਸਕੱਤਰ ਜੜੇ, ਪੁਲਿਸ ਮੁਖੀ ਸੰਜੇ ਬੈਣੀਵਾਲ ਸ਼ਾਮਿਲ ਹੋਏ। ਮੀਟਿੰਗ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਆਈ ਭਾਰੀ ਗਿਰਾਵਟ, ਦਿਹਾੜੀਦਾਰ ਨੂੰ ਹੋ ਰਹੇ ਨੁਕਸਾਨ, ਦੁਕਾਨਦਾਰਾਂ ਅਤੇ ਵਪਾਰੀਆਂ ਦੇ ਨੁਕਸਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੀਆਂ ਦੁਕਾਨਾਂ ਸਵੇਰੇ 9 ਤੋਂ ਬਾਅਦ ਦੁਪਹਿਰ 3 ਵਜੇ ਤਕ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ।

ਪਰ ਇਸ ਦੇ ਨਾਲ ਹੀ ਸ਼ਾਪਿੰਗ ਮੌਲ, ਸਿਨੇਮਾ ਹਾਲ, ਥੀਏਟਰ, ਮਿਊਜ਼ੀਅਮ, ਜਿੱਮ, ਲਾਇਬ੍ਰੇਰੀ, ਸੈਲੂਨ, ਸੁਖਣਾ ਲੇਕ ਅਤੇ ਰੌਕ ਗਾਰਡਨ ਬੰਦ ਰਹਿਣਗੇ। ਰੈਸਟੋਰੈਂਟਾਂ ਵਿੱਚ ਭੋਜਨ ਕਰਨ ਦੀ ਆਗਿਆ ਨਹੀਂ ਹੋਵੇਗੀ। ਹੋਮ ਡਲਿਵਰੀ ਤੇ ਟੇਕ ਅਵੇ ਦੀ ਆਗਿਆ ਹੋਵੇਗੀ। ਸ਼ਾਮ 6 ਤੋਂ ਸਵੇਰੇ 5 ਵਜੇ ਰਾਤ ਦਾ ਕਰਫਿਊ ਜਾਰੀ ਰਹੇਗਾ। ਹਫਤਾਵਾਰੀ ਕਰਫਿਊ ਸ਼ਾਮ 6 ਵਜੇ (ਸ਼ੁਕਰਵਾਰ 28 ਮਈ) ਤੋਂ ਸਵੇਰੇ 5 ਵਜੇ (ਸੋਮਵਾਰ 31 ਮਈ) ਤਕ ਜਾਰੀ ਰਹੇਗਾ। ਇਸ ਦੌਰਾਨ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁਲੀਆਂ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ। ਇਸੇ ਤਰ੍ਹਾਂ ਸ਼ਹਿਰ ਦੇ ਸਾਰੇ ਸੰਪਰਕ ਸੈਂਟਰ ਖੁੱਲ੍ਹੇ ਰਹਿਣਗੇ। ਕੋਵਿਡ ਪ੍ਰੋਟੋਕੋਲ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ।

Share This Article
Leave a Comment