ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਵਿੱਚ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਵਸ ਸੰਬੰਧੀ ਇੱਕ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਦੇ ਮੁੱਖ ਬੁਲਾਰੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਨੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਵਿਭਾਗ ਦੇ ਪ੍ਰੋਫੈਸਰ ਡਾ. ਪਰਮਵੀਰ ਸਿੰਘ ਸਨ।
ਡਾ. ਇੰਦਰਜੀਤ ਸਿੰਘ ਗੋਗਆਨੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਹਨਾਂ ਦੱਸਿਆ ਕਿ 27 ਅਕਤੂਬਰ 1670 ਨੂੰ ਮੌਜੂਦਾ ਜੰਮੂ ਕਸ਼ਮੀਰ ਦੇ ਕੁੰਛ ਰਾਜੌਰੀ ਵਿੱਚ ਪੈਦਾ ਹੋਏ ਅਤੇ ਮੁੱਢਲੇ ਨਾਮਾਂ ਵਜੋਂ ਲਛਮਣ ਦਾਸ ਅਤੇ ਮਾਧੋ ਦਾਸ ਨਾਲ ਜਾਣੇ ਗਏ। ਉਹਨਾਂ ਇਹ ਵੀ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਬਕਾਇਦਾ ਸਿੱਖਿਅਤ ਫੌਜੀ ਜਨਰੈਲ ਨਹੀਂ ਸਨ ਪਰ ਉਹਨਾਂ ਨੇ ਜਿਸ ਬਹਾਦਰੀ ਅਤੇ ਹੌਂਸਲੇ ਨਾਲ ਮੁਗਲ ਸਾਸ਼ਕਾਂ ਖਿਲਾਫ ਲੜਾਈ ਲੜੀ ਉਹਨਾਂ ਨੂੰ ਸਿੱਖ ਫੌਜਾਂ ਦਾ ਪਹਿਲਾ ਜਰਨੈਲ ਕਿਹਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਵੀਰਤਾ ਦੀਆਂ ਕਹਾਣੀਆਂ ਸਾਡਾ ਮਾਣਮੱਤਾ ਸਰਮਾਇਆ ਹਨ।
ਡਾ. ਪਰਮਵੀਰ ਸਿੰਘ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ। ਬੰਦਾ ਬੰਦਾ ਸਿੰਘ ਬਹਾਦਰ ਇਨਸਾਫ, ਬਰਾਬਰੀ ਅਤੇ ਦੱਬੇ ਹੋਏ ਲੋਕਾਂ ਲਈ ਲੜੇ। ਉਹਨਾਂ ਨੇ ਕਿਹਾ ਕਿ 1710 ਵਿੱਚ ਬੰਦਾ ਸਿੰਘ ਬਹਾਦਰ ਹੋਰਾਂ ਵੱਲੋਂ ਸਥਾਪਿਤ ਕੀਤੀ ਸਿੱਖ ਰਿਆਸਤ ਦੇਸ਼ ਨੂੰ ਮੁਗਲਾਂ ਕੋਲੋਂ ਆਜ਼ਾਦ ਕਰਾਉਣ ਲਈ ਪ੍ਰੇਰਨਾ ਸਾਬਿਤ ਹੋਈ।
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੋਵਾਂ ਬੁਲਾਰਿਆਂ ਨਾਲ ਸੰਖੇਪ ਜਾਣ-ਪਛਾਣ ਕਰਵਾਈ ਅਤੇ ਪੰਜਾਬ ਦੇ ਕਿਸਾਨੀ ਲਈ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਮਹੱਤਵ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਇਸ ਵੈਬੀਨਾਰ ਨੂੰ ਕਰਾਉਣ ਦਾ ਮੰਤਵ ਆਪਣੀ ਅਮੀਰ ਵਿਰਾਸਤ ਨਾਲ ਸਾਂਝ ਦਾ ਰਿਸ਼ਤਾ ਬਨਾਉਣਾ ਹੈ। ਖੇਤੀਬਾੜੀ ਕਾਲਜ ਦੇ ਡੀਨ ਡਾ. ਕੇ ਐਸ ਥਿੰਦ ਨੇ ਧੰਨਵਾਦ ਦੇ ਸ਼ਬਦ ਕਹੇ। ਸਮਾਗਮ ਦਾ ਸੰਚਾਲਨ ਪੱਤਰਕਾਰਤਾ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ ਨੇ ਕੀਤਾ। ਇਸ ਮੌਕੇ ਸ. ਹਰੀ ਸਿੰਘ ਜਾਚਕ ਵੱਲੋਂ ਬਾਬਾ ਬੰਦਾ ਬਹਾਦਰ ਸਿੰਘ ਬਾਰੇ ਲਿਖੀ ਇੱਕ ਕਵਿਤਾ ਅਤੇ ਬਾਬਾ ਬੰਦਾ ਬਹਾਦਰ ਸਿੰਘ ਬਹਾਦਰ ਦੇ ਜੀਵਨ ਬਾਰੇ ਇੱਕ ਪੇਸ਼ਕਾਰੀ ਵੀ ਕੀਤੀ ਗਈ।