ਪੰਜਾਬ ਤੇ ਚੰਡੀਗੜ੍ਹ ‘ਚ ਮੌਸਮ ਲਗਾਤਾਰ ਬਣਾ ਰਿਹੈ ਰਿਕਾਰਡ, 3 ਦਿਨ ਤੇਜ਼ ਹਨੇਰੀ ਤੇ ਭਾਰੀ ਮੀਂਹ ਦੇ ਆਸਾਰ

TeamGlobalPunjab
2 Min Read

ਚੰਡੀਗੜ੍ਹ: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ ‘ਤੇ ਇਸ ਸਾਲ ਮੌਸਮ ਰਿਕਾਰਡ ਬਣਾ ਰਿਹਾ ਹੈ। ਪਹਿਲੀ ਵਾਰ ਜੂਨ ਵਿੱਚ ਭਿਆਨਕ ਗਰਮੀ ਤੋਂ ਫਿਲਹਾਲ ਰਾਹਤ ਹੈ। ਮੌਸਮ ਵਿਗਿਆਨੀਆਂ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਆਉਣ ਵਾਲੇ 72 ਘੰਟਿਆਂ ‘ਚ ਤੇਜ਼ ਮੀਂਹ ਦੇ ਨਾਲ-ਨਾਲ ਹਨੇਰੀ ਵੀ ਚੱਲ ਸਕਦੀ ਹੈ।

ਚੰਡੀਗੜ੍ਹ ਵਿੱਚ ਮਈ ਮਹੀਨੇ ਨਾਮਾਤਰ ਗਰਮੀ ਪਈ। ਉੱਥੇ ਹੀ ਜੂਨ ਵਿੱਚ ਵੀ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਜੂਨ ਮਹੀਨੇ ‘ਚ ਪਿਛਲੇ 10 ਸਾਲਾਂ ‘ਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਚੰਡੀਗੜ੍ਹ ਵਿੱਚ ਵੀਰਵਾਰ ਨੂੰ 5 ਡਿਗਰੀ ਦੀ ਗਿਰਾਵਟ ਦੇ ਨਾਲ ਤਾਪਮਾਨ 31 ਡਿਗਰੀ ਰਿਹਾ। ਉੱਥੇ ਹੀ ਘੱਟੋ-ਘੱਟ ਤਾਪਮਾਨ 25.2 ਡਿਗਰੀ ਰਿਹਾ। ਸਵੇਰ ਤੋਂ ਹੀ ਬੱਦਲ ਛਾਏ ਰਹਿਣ ਕਾਰਨ ਤਾਪਮਾਨ ‘ਤੇ ਇਸਦਾ ਅਸਰ ਦਿਖਿਆ ਤੇ ਗਿਰਾਵਟ ਦੇਖਣ ਨੂੰ ਮਿਲੀ।

ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਤਿੰਨ ਦਿਨਾਂ ਤੱਕ ਸ਼ਹਿਰ ਦਾ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ। ਬੱਦਲ ਛਾਏ ਰਹਿਣਗੇ ਤੇ ਨਾਲ ਹੀ ਤੇਜ਼ ਮੀਂਹ ਅਤੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵੀ ਹਵਾਵਾਂ ਚੱਲ ਸਕਦੀਆਂ ਹਨ।

ਇਸ ਦੇ ਨਾਲ ਹੀ 51 ਸਾਲਾਂ ‘ਚ ਪਹਿਲੀ ਵਾਰੀ ਤਿੰਨ ਜੂਨ ਨੂੰ ਲੁਧਿਆਣੇ ‘ਚ ਵੱਧ ਤੋਂ ਵੱਧ ਤਾਪਮਾਨ ‘ਚ ਰਿਕਾਰਡ ਗਿਰਾਵਟ ਦਰਜ ਕੀਤੀ ਗਈ। ਵੀਰਵਾਰ ਨੂੰ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਿਹਾ।

Share This Article
Leave a Comment