ਚੰਡੀਗੜ੍ਹ/ਲੁਧਿਆਣਾ : ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਠੰਡ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨ ਤੋਂ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਵਿੱਚ ਬੱਦਲਵਾਈ ਅਤੇ ਧੁੰਦ ਕਾਰਨ ਤਾਪਮਾਨ ਵਿੱਚ ਅਚਾਨਕ ਗਿਰਾਵਟ ਆਈ ਹੈ ਅਤੇ ਸ਼ੀਤ ਲਹਿਰ ਵਧਣ ਲੱਗੀ ਹੈ। ਪਹਾੜਾਂ ਵਿੱਚ ਬਰਫ਼ਬਾਰੀ ਦਾ ਅਸਰ ਵੀ ਮੈਦਾਨੀ ਖੇਤਰਾਂ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ।
ਉਧਰ ਰਾਜਧਾਨੀ ਦਿੱਲੀ ਅਤੇ ਪੰਜਾਬ ਵਿੱਚ ਕਈ ਥਾਵਾਂ ‘ਚ ਪਏ ਮੀਂਹ ਕਾਰਨ ਵੀ ਠੰਡਕ ਵਧੀ ਹੈ, ਰਾਹਤ ਦੀ ਗੱਲ ਇਹ ਵੀ ਹੈ ਕਿ ਮੀਂਹ੍ਹ ਨਾਲ ਦਿੱਲੀ ਅਤੇ ਨੇੜਲੇ ਇਲਾਕਿਆਂ ‘ਚ ਪ੍ਰਦੂਸ਼ਣ ਦਾ ਪੱਧਰ ਹੇਠਾਂ ਆਉਣ ਦੀ ਉਮੀਦ ਵੀ ਵਧ ਗਈ ਹੈ।
ਮੌਸਮ ਵਿਭਾਗ ਨੇ ਦਿੱਲੀ, ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕੁਝ ਇਲਾਕਿਆਂ ਵਿੱਚ ਅਗਲੇ ਦੋ ਦਿਨਾਂ ਦੌਰਾਨ ਮੀਂਹ੍ਹ ਪੈਣ ਦੀ ਸੰਭਾਵਨਾ ਜਤਾਈ ਹੈ।
ਮੌਸਮ ਵਿਗਿਆਨੀਆਂ ਅਨੁਸਾਰ ਖਿੱਤੇ ਅੰਦਰ ਆਉਣ ਵਾਲੇ ਸਮੇਂ ਵਿੱਚ ਮੀਂਹ ਪੈਣ ਦੇ ਆਸਾਰ ਹਨ, ਜਿਸ ਨਾਲ ਸੂਬੇ ‘ਚ ਠੰਢ ਵਧੇਗੀ । ਮਾਹਿਰਾਂ ਅਨੁਸਾਰ ਪੱਛਮੀ ਗੜਬੜੀ ਕਾਰਨ ਆਉਂਦੇ ਦੋ ਤੋਂ ਤਿੰਨ ਦਿਨਾਂ ਦੌਰਾਨ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ, ਜਿਸ ਨਾਲ ਆਸਮਾਨ ’ਚ ਛਾਏ ਧੂੰਏਂ ਅਤੇ ਲੋਕਾਂ ਨੂੰ ਸਾਹ ਲੈਣ ਵਿਚ ਆ ਰਹੀ ਦਿੱਕਤ ਤੋਂ ਵੀ ਵੱਡੀ ਰਾਹਤ ਮਿਲੇਗੀ।