ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ਼ਿਲਮ ਅਦਾਕਾਰ ਅਮਿਤਾਭ ਬੱਚਨ ਵੱਲੋਂ 2 ਕਰੋੜ ਰੁਪਏ ਲੈਣ ‘ਤੇ ਜਾਗੋ ਪਾਰਟੀ ਨੇ ਇਤਰਾਜ਼ ਜਤਾਇਆ ਹੈ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੱਡਾ ਐਲਾਨ ਕੀਤਾ ਕਿ ਅਮਿਤਾਭ ਬੱਚਨ ਤੋਂ ਦਿੱਲੀ ਕਮੇਟੀ ਵੱਲੋਂ ਲਏ ਗਏ 2 ਕਰੋੜ ਰੁਪਏ ਨੂੰ ਜਾਗੋ ਪਾਰਟੀ ਕਮੇਟੀ ਦੀ ਸੇਵਾ ਮਿਲਦੇ ਹੀ ਸਭ ਤੋਂ ਪਹਿਲਾਂ ਵਾਪਸ ਕਰੇਂਗੀ।
ਦਿੱਲੀ ਸਰਕਾਰ ਦੇ ਸਹਿਯੋਗ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੋਵਿਡ ਕੇਅਰ ਸੈਂਟਰ ਖੋਲ੍ਹਣ ਦੇ ਨਾਮ ‘ਤੇ ਕਮੇਟੀ ਵੱਲੋਂ ਅਮਿਤਾਭ ਬੱਚਨ ਤੋਂ 2 ਕਰੋੜ ਰੁਪਏ ਲੈਣ ਨੂੰ ਕੌਮ ਦੇ ਨਾਲ ਗ਼ੱਦਾਰੀ ਦੱਸਦੇ ਹੋਏ ਜੀਕੇ ਨੇ ਦਾਅਵਾ ਕੀਤਾ ਕਿ 31 ਅਕਤੂਬਰ 1984 ਨੂੰ ਤਿੰਨ ਮੂਰਤੀ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਦੇ ਕੋਲ ਖੜੇ ਹੋਕੇ ਅਮਿਤਾਭ ਬੱਚਨ ਨੇ “ਖ਼ੂਨ ਦਾ ਬਦਲਾ ਖ਼ੂਨ” ਨਾਅਰਾ ਲਗਾਇਆ ਸੀ। ਜਿਸ ਨੂੰ ਉਸ ਸਮੇਂ ਦੂਰਦਰਸ਼ਨ ਨੇ ਪ੍ਰਸਾਰਿਤ ਕੀਤਾ ਸੀ, ਜਿਸ ਤੋਂ ਬਾਅਦ ਕਾਂਗਰਸ ਦੇ ਕਾਰਕੁਨਾਂ ਨੂੰ ਸਿੱਖਾਂ ਨੂੰ ਕਤਲ ਕਰਨ ਦਾ ਅਸਿੱਧਾ ਉਕਸਾਵਾਂ ਮਿਲਿਆ ਸੀ। ਇਸ ਲਈ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਤੋਂ ਕਿਸੇ ਪ੍ਰਕਾਰ ਦੀ ਸਹਾਇਤਾ ਲੈਣਾ ਕੌਮ ਦੀ ਅਣਖ ਨਾਲ ਖਿਲਵਾੜ ਹੈ।
ਜੀਕੇ ਨੇ ਕਿਹਾ ਕਿ ਬਾਦਲ ਦਲ ਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਅਤੇ ਗੁਰੂ ਸਾਹਿਬ ਦੇ ਅੰਮ੍ਰਿਤ ਦੀ ਨਕਲ ਕਰਨ ਵਾਲੇ ਪਖੰਡੀ ਸਾਧ ਗੁਰਮੀਤ ਰਾਮ ਰਹੀਮ ਨੂੰ ਵੋਟਾਂ ਦੇ ਲਾਲਚ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਵਾਈ ਸੀ। ਹੁਣ ਨੋਟਾਂ ਦੇ ਲਾਲਚ ਵਿੱਚ ਅਮਿਤਾਭ ਬੱਚਨ ਨੂੰ ਕਲੀਨ ਚਿੱਟ ਦੇ ਦਿੱਤੀ, ਜਦਕਿ ਅਮਿਤਾਭ ਬੱਚਨ ਦੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਮਾਮਲਾ ਬਾਕੀ ਹੈ। ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ‘ਤੇ ਕਾਬਜ਼ ਲੋਕ ਸਿਰਫ਼ ਆਪਣੇ ਪ੍ਰਚਾਰ ਅਤੇ ਆਪਣੇ ਆਪ ਨੂੰ ਪਿਆਰ ਕਰਨ ਦੇ ਮਾਰੇ ਠੀਕ ਅਤੇ ਗ਼ਲਤ ਦੀ ਪਹਿਚਾਣ ਕਰਨ ਦੇ ਵੀ ਸਮਰੱਥ ਨਹੀਂ ਰਹੇ, ਇਸ ਲਈ ਕਮੇਟੀ ਦੀ ਸੇਵਾ ਮਿਲਦੇ ਹੀ ਅਸੀਂ ਅਮਿਤਾਭ ਬੱਚਨ ਦੇ 2 ਕਰੋੜ ਰੁਪਏ ਸਭ ਤੋਂ ਪਹਿਲਾਂ ਵਾਪਸ ਕਰਕੇ ਸਿੱਖੀ ਅਣਖ ਦੀ ਰੱਖਿਆ ਕਰਾਂਗੇ।