ਵਾਸ਼ਿੰਗਟਨ: ਕੋਵਿਡ-19 ਦੇ ਨਵੇਂ ਰੂਪ ਓਮੀਕਰੌਨ ਕਾਰਨ ਵਧ ਰਹੇ ਕੋਵਿਡ ਮਾਮਲਿਆਂ ਦੇ ਵਿਚਾਲੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਵਾਰ ਫਿਰ ਅਮਰੀਕੀਆਂ ਨੂੰ ਭਰੋਸਾ ਦਿੱਤਾ ਕਿ ਸੰਘੀ ਸਰਕਾਰ ਸਿਹਤ ਸੰਕਟ ਨਾਲ ਨਜਿੱਠਣ ਲਈ ਤਿਆਰ ਹੈ।
ਵ੍ਹਾਈਟ ਹਾਊਸ ਕੋਵਿਡ-19 ਰਿਸਪਾਂਸ ਟੀਮ ਨਾਲ ਮੀਟਿੰਗ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਹ ਵੈਕਸੀਨ ਲਗਵਾਉਣ ਤੇ ਮਾਸਕ ਜ਼ਰੂਰ ਪਹਿਨਣ, ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਹਰ ਅਮਰੀਕੀ ਲਈ ਵੈਕਸੀਨ ਤੇ ਬੂਸਟਰ ਖੁਰਾਕ ਮੌਜੂਦ ਹੈ ਪਰ ਅਜੇ ਸਾਢੇ ਤਿੰਨ ਕਰੋੜ ਬਾਲਗਾਂ ਨੇ ਟੀਕਾਕਰਨ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਟੀਕਾਕਰਨ ਹੀ ਵਾਇਰਸ ਵਿਰੁੱਧ ਮਜ਼ਬੂਤ ਰੱਖਿਆ ਦੀਵਾਰ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਓਮੀਕ੍ਰੋਨ ਕਾਰਨ ਗੰਭੀਰ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਾਡੇ ਕੋਲ ਸਾਧਨ ਹਨ, ਜੇਕਰ ਲੋਕ ਇਹ ਸਾਧਨ ਵਰਤਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ 2022 ਵਿਚ ਸਾਡੇ ਕੋਲ ਆਸਵੰਦ ਹੋਣ ਦੇ ਕਈ ਕਾਰਨ ਮੌਜੂਦ ਹਨ, ਪਰ ਕਿ੍ਰਪਾ ਕਰਕੇ ਉਸ ਪ੍ਰਮਾਤਮਾ ਦੀ ਖਾਤਰ ਜੋ ਕੁਝ ਸਾਡੇ ਕੋਲ ਹੈ, ਉਸ ਦਾ ਲਾਹਾ ਲਿਆ ਜਾਵੇ। ਰਾਸ਼ਟਰਪਤੀ ਨੇ ਸਕੂਲ ਖੋਲ੍ਹਣ ਦੀ ਮਹੱਤਤਾ ਉਪਰ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਨੇ ਫਾਈਜ਼ਰ ਤੋਂ ਕੋਵਿਡ ਦੇ ਇਲਾਜ ਲਈ ਗੋਲੀਆਂ ਖਰੀਦਣ ਦਾ ਆਰਡਰ ਦੁੱਗਣਾ ਕਰ ਦਿੱਤਾ ਹੈ ਤੇ ਹੁਣ ਇਕ ਕਰੋੜ ਦੀ ਬਜਾਏ 2 ਕਰੋੜ ਗੋਲੀਆਂ ਖਰੀਦੀਆਂ ਜਾ ਰਹੀਆਂ ਹਨ।