ਚੰਡੀਗੜ੍ਹ: ਈਡੀ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀ ਗ੍ਰਿਫਤਾਰੀ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਵਿਰੋਧੀਆਂ ਵਲੋਂ ਇਸ ਨੂੰ ਕੇ ਲਗਾਤਾਰ ਚਰਨਜੀਤ ਚੰਨੀ ਨੂੰ ਘੇਰਿਆ ਜਾ ਰਿਹਾ ਹੈ।
ਉੱਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਰਿਸ਼ਤੇਦਾਰ ਸੀ ਗ੍ਰਿਫ਼ਤਾਰੀ ਬਾਰੇ ਬੋਲਦਿਆਂ ਕਿਹਾ,’ਕਾਨੂੰਨ ਆਪਣਾ ਕੰਮ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਹੈ।’
ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਰੇਡ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਚੋਣਾਂ ‘ਚ ਹੋ ਰਹੇ ਹਨ। ਉਨ੍ਹਾਂ ਕਿਹਾ ਭਾਜਪਾ ਇਹ ਰਾਜਨੀਤੀ ਪਹਿਲਾ ਵੀ ਦੂਸਰੇ ਸੂਬਿਆਂ ‘ਚ ਚੋਣਾਂ ਦੌਰਾਨ ਕਰ ਚੁਕੀ ਹੈ ਲੇਕਿਨ ਉਥੇ ਵੀ ਮੂੰਹ ਦੀ ਖਾਣੀ ਪਾਈ ਅਤੇ ਹੁਣ ਵੀ ਭਾਵੇ ਉਹ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕਾਂਗਰਸ ਨੂੰ ਦਬਾਉਣਾ ਚਾਹੁੰਦੀ ਹੈ ਲੇਕਿਨ ਅਖੀਰ ‘ਚ ਪੰਜਾਬ ‘ਚ ਕਾਂਗਰਸ ਜਿੱਤ ਹਾਸਿਲ ਕਰੇਗੀ।
ਇਸ ਦੇ ਨਾਲ ਹੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਈਡੀ ਦੀ ਕਾਰਵਾਈ ਨੂੰ ਬਦਲਾਖੋਰੀ ਦੀ ਸਿਆਸਤ ਕਰਾਰ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ਈਡੀ ਵੱਲੋਂ ਇੱਕ ਨੌਜਵਾਨ ਨੂੰ 8-8 ਘੰਟੇ ਇੰਟੈਰੋਗੇਟ ਕੀਤਾ ਜਾਂਦਾ ਹੈ ਅਤੇ ਉਸ ਕੋਲੋਂ ਕੁਝ ਵੀ ਉਗਲਵਾਇਆਂ ਜਾ ਸਕਦਾ ਹੈ। ਪੰਜਾਬ ‘ਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਅਤੇ ਇਹ ਕਿਸਾਨ ਅੰਦੋਲਨ ਲਈ ਬਦਲਾ ਪੰਜਾਬ ਨਾਲ ਲਿਆ ਜਾ ਰਿਹਾ ਹੈ। ਭਾਜਪਾ ਨੂੰ ਆਪਣਾ ਨਾਂ ਬਦਲ ਕੇ ਈਡੀ ਜਾਂ ਸੀਬੀਆਈ ਰੱਖ ਲੈਣਾ ਚਾਹੀਦਾ ਹੈ।