ਜਗਤਾਰ ਸਿੰਘ ਸਿੱਧੂ;
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਣੀਆਂ ਦੀ ਰਾਖੀ ਲਈ ਪਹਿਰੇਦਾਰ ਬਣਕੇ ਮੈਦਾਨ ਵਿੱਚ ਨਿੱਤਰੇ ਹਨ। ਉਨਾ ਨੇ ਨੰਗਲ ਡੈਮ ਦਾ ਦੌਰਾ ਕਰਕੇ ਆਪਣੇ ਦਲੇਰਾਨਾ ਸਟੈਂਡ ਨਾਲ ਦੋ ਟੁੱਕ ਸੁਨੇਹਾ ਦੇ ਦਿੱਤਾ ਹੈ ਕਿ ਕਿਸਾਨ ਵਾਂਗ ਪਾਣੀ ਦੀ ਰਾਖੀ ਲਈ ਨੱਕੇ ਉਤੇ ਆਕੇ ਖੜ ਗਏ ਹਨ ਅਤੇ ਧੱਕੇ ਨਾਲ ਕੋਈ ਪਾਣੀ ਨਹੀਂ ਲੈ ਸਕਦਾ।ਬੇਸ਼ੱਕ ਪਾਣੀਆਂ ਦੇ ਮੁੱਦੇ ਤੇ ਪਿਛਲੀਆਂ ਸਰਕਾਰਾਂ ਵੱਲੋਂ ਵੀ ਗੱਲ ਕੀਤੀ ਜਾਂਦੀ ਰਹੀ ਹੈ ਪਰ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਸਰਕਾਰ ਦੇ ਕੈਬਨਿਟ ਮੰਤਰੀ ਨੰਗਲ ਡੈਮ ਤੇ ਆਕੇ ਬੈਠ ਜਾਣ ਅਤੇ ਕਹਿਣ ਕਿ ਭਾਖੜਾ ਬੋਰਡ ਦੇ ਅਧਿਕਾਰੀ ਪੰਜਾਬ ਦੇ ਹਿੱਸੇ ਦਾ ਪਾਣੀ ਧੱਕੇ ਨਾਲ ਹਰਿਆਣਾ ਨੂੰ ਨਹੀਂ ਭੇਜ ਸਕਦੇ। ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਕਹਿਣਾ ਹੈ ਕਿ ਇਥੇ ਭਾਖੜਾ ਬੋਰਡ ਦੇ ਅਧਿਕਾਰੀਆਂ ਨੂੰ ਧੱਕੇ ਨਾਲ ਹਰਿਆਣਾ ਨੂੰ ਪਾਣੀ ਦੇਣ ਨਹੀਂ ਦਿੱਤਾ ਜਾ ਸਕਦਾ। ਮੁੱਖ ਮੰਤਰੀ ਮਾਨ ਨੇ ਇਸ ਮੌਕੇ ਸਾਫ ਤੌਰ ਤੇ ਕਿਹਾ ਹੈ ਕਿ ਬੋਰਡ ਦੇ ਅਧਿਕਾਰੀਆਂ ਦੀ ਗੁੰਡਾਗਰਦੀ ਨਹੀਂ ਚੱਲ ਸਕਦੀ । ਉਨਾਂ ਦਾ ਕਹਿਣਾ ਹੈ ਕਿ ਪੰਜਾਬ ਗਲਤ ਫ਼ੈਸਲੇ ਉੱਪਰ ਦਸਤਖ਼ਤ ਨਹੀਂ ਕਰੇਗਾ ਅਤੇ ਪੰਜਾਬ ਦੀ ਸਹਿਮਤੀ ਬਗੈਰ ਹਰਿਆਣਾ ਨੂੰ ਪੰਜਾਬ ਦੇ ਹਿਸੇ ਦਾ ਪਾਣੀ ਨਹੀਂ ਦਿੱਤਾ ਜਾ ਸਕਦਾ । ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਮਾਮਲੇ ਬਾਰੇ ਸਰਬ ਪਾਰਟੀ ਮੀਟਿੰਗ ਵੀ ਬੁਲਾਈ ਜਾ ਸਕਦੀ ਹੈ ਅਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਜਾ ਸਕਦਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਪਾਰਟੀਆਂ ਅਤੇ ਖਾਸ ਤੌਰ ਤੇ ਭਾਜਪਾ ਉੱਪਰ ਸਵਾਲ ਉਠਾਏ ਹਨ । ਉਨਾਂ ਕਿਹਾ ਹੈ ਕਿ ਪੰਜਾਬ ਭਾਜਪਾ ਦੇ ਆਗੂ ਦੱਸਣ ਕਿ ਪਾਣੀਆਂ ਦੇ ਮਾਮਲੇ ਵਿੱਚ ਉਹ ਪੰਜਾਬ ਨਾਲ ਖੜੇ ਹਨ ਜਾਂ ਹਰਿਆਣਾ ਨਾਲ ਹਨ। ਆਉਣ ਵਾਲੇ ਦਿਨਾਂ ਵਿੱਚ ਇਹ ਮੁੱਦਾ ਹੋਰ ਵੀ ਭਖ ਸਕਦਾ ਹੈ।
ਜੇਕਰ ਇਸ ਸਮੁੱਚੀ ਸਥਿਤੀ ਉੱਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਹਿੱਸੇ ਦਾ 8500 ਕਿਊਸਕ ਪਾਣੀ ਹਰਿਆਣਾ ਨੂੰ ਦੇਣ ਦਾ ਬੋਰਡ ਨੇ ਮੀਟਿੰਗ ਕਰਕੇ ਧੱਕੇ ਨਾਲ ਹੀ ਫੈਸਲਾ ਕਰ ਲਿਆ। ਪੰਜਾਬ ਦੇ ਅਧਿਕਾਰੀਆਂ ਨੇ ਮੀਟਿੰਗ ਵਿੱਚ ਫ਼ੈਸਲੇ ਦਾ ਵਿਰੋਧ ਕੀਤਾ ਅਤੇ ਫੈਸਲੇ ਉਤੇ ਦਸਖਤ ਕਰਨ ਤੇ ਵੀ ਇਨਕਾਰ ਕਰ ਦਿੱਤਾ ।ਪੰਜਾਬ ਲਗਾਤਾਰ ਆਖ ਰਿਹਾ ਹੈ ਕਿ ਹਰਿਆਣਾ ਸਮਝੌਤੇ ਅਨੁਸਾਰ ਆਪਣਾ ਪਾਣੀ ਲੈ ਚੁੱਕਾ ਹੈ ਅਤੇ ਇਸ ਦੇ ਬਾਵਜੂਦ ਪੰਜਾਬ ਹਰਿਆਣਾ ਨੂੰ ਚਾਰ ਹਜ਼ਾਰ ਕਿਊਸਕ ਪਾਣੀ ਵਾਧੂ ਦੇ ਰਿਹਾ ਹੈ ਤਾਂ ਜੋ ਪੀਣ ਦੇ ਪਾਣੀ ਲਈ ਮਦਦ ਹੋ ਸਕੇ। ਅਸਲ ਵਿੱਚ ਬੇਰਡ ਅੰਦਰ ਰਾਜਸਥਾਨ ਅਤੇ ਹਰਿਆਣਾ ਨੇ ਮਿਲਕੇ ਪੰਜਾਬ ਦਾ ਵਿਰੋਧ ਕੀਤਾ ਅਤੇ ਕੇਂਦਰ ਦਾ ਬੋਰਡ ਅਧਿਕਾਰੀਆਂ ਉਪਰ ਦਬਾ ਬਣਿਆ ਹੋਇਆ ਹੈ। ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਤਾਂ ਬੋਰਡ ਦੀ ਮੀਟਿੰਗ ਵਿੱਚ ਹਰਿਆਣਾ ਅਤੇ ਰਾਜਸਥਾਨ ਫੈਸਲਾ ਕਰਵਾ ਦੇਣਗੇ ਕਿ ਪੰਜਾਬ ਦਾ ਪਾਣੀ ਬੰਦ ਕੀਤਾ ਜਾਂਦਾ ਹੈ ਪਰ ਅਜਿਹਾ ਕਿਵੇਂ ਸੰਭਵ ਹੈ? ਮਾਨ ਦਾ ਕਹਿਣਾ ਹੈ ਕਿ ਪੰਜਾਬ ਕੋਲ ਪਹਿਲਾਂ ਹੀ ਪਾਣੀ ਦੀ ਘਾਟ ਹੈ ਅਤੇ ਇੰਨਾਂ ਦਿਨਾਂ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋਣ ਵਾਲੀ ਹੈ।ਪੰਜਾਬ ਪਾਣੀ ਦੀ ਵਰਤੋਂ ਕਰਕੇ ਹੀ ਦੇਸ਼ ਦੇ ਅਨਾਜ ਭੰਡਾਰ ਭਰ ਕੇ ਯੋਗਦਾਨ ਪਾਉਂਦਾ ਹੈ।
ਸੰਪਰਕ 9814002186