ਅਮਰੀਕਾ ਦੇ ਵਾਸ਼ਿੰਗਟਨ ਡੀਸੀ ਨੇੜੇ ਇੱਕ ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਹਵਾ ਵਿੱਚ ਹੀ ਇੱਕ ਬਲੈਕ ਹਾਕ ਹੈਲੀਕਾਪਟਰ ਨਾਲ ਟਕਰਾ ਗਿਆ। ਇਸ ਜਹਾਜ਼ ‘ਚ 64 ਲੋਕ ਸਵਾਰ ਸਨ। ਇਨ੍ਹਾਂ ਵਿੱਚ 60 ਯਾਤਰੀ ਅਤੇ ਚਾਰ ਚਾਲਕ ਦਲ ਦੇ ਮੈਂਬਰ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਨੇ ਬੀਬੀਸੀ ਦੇ ਅਮਰੀਕੀ ਸਹਿਯੋਗੀ ਨਿਊਜ਼ ਚੈਨਲ ਸੀਬੀਐੱਸ ਨੂੰ ਦੱਸਿਆ ਕਿ ਹੁਣ ਤੱਕ 30 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
ਇਸ ਸੀਆਰਜੇ 700 ਜਹਾਜ਼ ਨੇ ਵਾਸ਼ਿੰਗਟਨ ਤੋਂ ਕਾਨਸਾਸ ਲਈ ਉਡਾਨ ਭਰੀ ਸੀ। ਖ਼ਬਰਾਂ ਮੁਤਾਬਕ, ਟੱਕਰ ਤੋਂ ਬਾਅਦ ਜਹਾਜ਼ ਦੇ ਹਵਾ ਵਿੱਚ ਹੀ ਦੋ ਟੋਟੇ ਹੋ ਗਏ ਅਤੇ ਪੋਟੋਮੈਕ ਨਦੀ ‘ਚ ਜਾ ਡਿੱਗਿਆ। ਨਦੀ ‘ਚ ਯਾਤਰੀਆਂ ਦੀ ਭਾਲ ਅਤੇ ਬਚਾਅ ਕਾਰਜ ਜਾਰੀ ਹਨ।
ਸਥਾਨਕ ਸਮੇਂ ਮੁਤਾਬਕ ਰਾਤ 9 ਵਜੇ ਰੀਗਨ ਵਾਸ਼ਿੰਗਟਨ ਨੈਸ਼ਨਲ ਏਅਰਪੋਰਟ ਨੇੜੇ ਵਾਪਰੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਜਹਾਜ਼ ਨੇ ਰੀਗਨ ਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ। ਹਾਦਸੇ ਤੋਂ ਬਾਅਦ ਵੱਡੀ ਗਿਣਤੀ ‘ਚ ਐਮਰਜੈਂਸੀ ਫੋਰਸ ਦੇ ਮੈਂਬਰ ਹਵਾਈ ਅੱਡੇ ‘ਤੇ ਪਹੁੰਚ ਗਏ ਹਨ। 10 ਤੋਂ ਵੱਧ ਐਂਬੂਲੈਂਸਾਂ ਅਤੇ ਟਰੱਕ ਵੀ ਮੌਕੇ ‘ਤੇ ਮੌਜੂਦ ਹਨ। ਰੀਗਨ ਏਅਰਪੋਰਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਕਿ ਫ਼ਿਲਹਾਲ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ।
ਇੱਕ ਅਮਰੀਕੀ ਫ਼ੌਜੀ ਅਧਿਕਾਰੀ ਨੇ ਬੀਬੀਸੀ ਦੇ ਸਹਿਯੋਗੀ ਨਿਊਜ਼ ਚੈਨਲ ਸੀਬੀਐੱਸ ਨੂੰ ਦੱਸਿਆ ਹੈ ਕਿ ਇਸ ਹਾਦਸੇ ਵਿੱਚ ਸ਼ਾਮਲ ਹੈਲੀਕਾਪਟਰ ਅਮਰੀਕੀ ਫ਼ੌਜ ਦਾ ਬਲੈਕ ਹਾਕ ਹੈਲੀਕਾਪਟਰ ਸੀ। ਹੈਲੀਕਾਪਟਰ ਵਿੱਚ ਤਿੰਨ ਅਮਰੀਕੀ ਫ਼ੌਜੀ ਸਵਾਰ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।