ਮੋਦੀ ਸਰਕਾਰ ਨੂੰ ਚਿਤਾਵਨੀ; ਅੰਨਾ ਹਜ਼ਾਰੇ ਵਲੋਂ ਭੁੱਖ ਹੜਤਾਲ ਕਰਨ ਦਾ ਐਲਾਨ

TeamGlobalPunjab
2 Min Read

ਨਿਊਜ਼ ਡੈਸਕ, (ਅਵਤਾਰ ਸਿੰਘ): ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਸਾਨਾਂ ਦੇ ਹੱਕ ਵਿੱਚ ਭੁੱਖ ਹੜਤਾਲ ਕਰਨ ਦੀ ਧਮਕੀ ਦੇ ਦਿੱਤੀ ਹੈ। ਖੇਤੀ ਕਾਨੂੰਨ ਵਿਰੁੱਧ ਕਿਸਾਨਾਂ ਦਾ ਪੱਖ ਪੂਰਦਿਆਂ ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਅਗਲੇ ਸਾਲ ਜਨਵਰੀ ਦੇ ਅਖੀਰ ਤਕ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਉਹ ਭੁੱਖ ਹੜਤਾਲ ‘ਤੇ ਬੈਠਣਗੇ ਅਤੇ ਇਹ ਉਸ ਦਾ ਆਖਰੀ ਸੰਘਰਸ਼ ਹੋਵੇਗਾ।

ਰਿਪੋਰਟਾਂ ਮੁਤਾਬਿਕ ਐਤਵਾਰ ਨੂੰ ਆਪਣੇ ਪਿੰਡ ਰਾਲੇਗਾਓਂ ਸਿਧਿ (ਮਹਾਰਾਸ਼ਟਰ) ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਨਾ ਹਜ਼ਾਰੇ ਨੇ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਅੰਨਦਾਤਾ ਦੀਆਂ ਮੰਗਾਂ ਦੇ ਹੱਕ ਵਿੱਚ ਸੰਘਰਸ਼ ਕਰ ਰਿਹਾ ਹੈ ਪਰ ਸਰਕਾਰ ਕੁਝ ਨਹੀਂ ਕਰ ਰਹੀ।

ਉਨ੍ਹਾਂ ਕਿਹਾ ਕਿ ਸਰਕਾਰ ਖਾਲੀ ਭਰੋਸਾ ਹੀ ਦੇ ਰਹੀ ਹੈ, ਜਿਸ ਦੀਆਂ ਗੱਲਾਂ ਦਾ ਕੋਈ ਭਰੋਸਾ ਨਹੀਂ ਹੈ। ਹੁਣ ਦੇਖਦੇ ਕੇਂਦਰ ਉਨ੍ਹਾਂ ਦੀਆਂ ਮੰਗਾਂ ਵਲ ਕਿੰਨਾ ਕੁ ਧਿਆਨ ਦਿੰਦੀ ਹੈ। ਅੰਨਾ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਨੂੰ ਇਕ ਮਹੀਨੇ ਦਾ ਸਮਾਂ ਜਨਵਰੀ ਦੇ ਅਖੀਰ ਤਕ ਦੇ ਦਿੱਤਾ ਹੈ। 83 ਸਾਲ ਦੇ ਬਜ਼ੁਰਗ ਨੇ ਦੱਸਿਆ ਕਿ ਉਹ ਭੁੱਖ ਹੜਤਾਲ ਕਰੇਗਾ ਅਤੇ ਇਹ ਉਸਦਾ ਆਖਰੀ ਕਦਮ ਹੋਵੇਗਾ।

ਗੌਰਤਲਬ ਹੈ ਕਿ ਅੰਨਾ ਹਜ਼ਾਰੇ ਨੇ 14 ਦਸੰਬਰ ਨੂੰ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੂੰ ਇਕ ਪੱਤਰ ਲਿਖ ਕੇ ਉਸ ਵਿਚ ਚਿਤਾਵਨੀ ਦਿੱਤੀ ਸੀ ਕਿ ਜੇ ਉਸ ਦੀਆਂ ਮੰਗਾਂ ਜਿਵੇਂ ਸਵਾਮੀਨਾਥਨ ਰਿਪੋਰਟ ਲਾਗੂ ਕਰਨਾ ਅਤੇ ਕਮਿਸ਼ਨ ਫਾਰ ਐਗਰੀਕਲਚਰ ਕੋਸਟ ਐਂਡ ਪ੍ਰਾਇਸ ਨਾ ਮੰਨੀਆਂ ਗਈਆਂ ਤਾਂ ਉਹ ਭੁੱਖ ਹੜਤਾਲ ਕਰਨਗੇ।

Share This Article
Leave a Comment