ਚੰਡੀਗੜ੍ਹ : ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਅੱਜ ਹੋਈਆਂ ਵੋਟਾਂ ਵਿੱਚ ਕੁੱਲ 71.39 ਫੀਸਦੀ ਮਤਦਾਨ ਹੋਇਆ। ਇਹ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ ਅਤੇ ਸਭ ਤੋਂ ਘੱਟ ਵੋਟਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪਈਆਂ। ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਕੁੱਲ 60.08 ਫੀਸਦੀ ਵੋਟਾਂ ਪਈਆਂ, ਜਦੋਂ ਕਿ ਰੂਪਨਗਰ ਜ਼ਿਲ੍ਹੇ ਵਿੱਚ 73.80 ਫੀਸਦੀ ਵੋਟਾਂ ਪਈਆਂ।
ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਵਿੱਚ 75.78 ਫੀਸਦੀ, ਅੰਮ੍ਰਿਤਸਰ ਵਿੱਚ 71.20 ਫੀਸਦੀ, ਤਰਨ ਤਾਰਨ ਵਿੱਚ 63.12 ਫੀਸਦੀ, ਗੁਰਦਾਸਪੁਰ ਵਿੱਚ 70, ਪਠਾਨਕੋਟ ਵਿੱਚ 75.37, ਬਠਿੰਡਾ ਵਿੱਚ 79, ਮਾਨਸਾ 82.99, ਫਰੀਦਕੋਟ 71.03, ਹੁਸ਼ਿਆਰਪੁਰ 66.68, ਜਲੰਧਰ 73.29, ਕਪੂਰਥਲਾ 64.34, ਸ਼ਹੀਦ ਭਗਤ ਸਿੰਘ ਨਗਰ 69.71, ਫਿਰੋਜ਼ਪੁਰ 74.01, ਸ੍ਰੀ ਮੁਕਤਸਰ ਸਾਹਿਬ 68.65, ਮੋਗਾ 69.50, ਫਾਜ਼ਿਲਕਾ 72.40, ਪਟਿਆਲਾ 70.09, ਲੁਧਿਆਣਾ 70.33, ਬਰਨਾਲਾ 71.99 ਅਤੇ ਸੰਗਰੂਰ 77.39 ਫੀਸਦੀ ਵੋਟਿੰਗ ਹੋਈ। ਬੁਲਾਰੇ ਨੇ ਅੱਗੇ ਦੱਸਿਆ ਕਿ ਅੱਜ 9222 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਵਿੱਚ ਕੈਦ ਹੋ ਗਿਆ। ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ। ਇਸ ਦਿਨ ਰਾਜ ਵਿੱਚ ਡਰਾਈ ਡੇਅ ਰਹੇਗਾ।