ਚੋਣਾਂ ਦੇ ਮੱਦੇਨਜਰ ਸੂਬੇ ਦੇ ਚਾਰੇ ਜ਼ਿਮਨੀ ਚੋਣ ਖੇਤਰਾਂ ‘ਚ 21 ਅਕਤੂਬਰ ਨੂੰ ਸਵੇਰੇ ਸੱਤ ਤੋਂ ਸ਼ਾਮ ਛੇ ਵਜੇ ਤੱਕ ਵੋਟਾਂ ਪੈਣਗੀਆਂ। ਜੇਕਰ ਕਿਸੇ ਵਿਅਕਤੀ ਕੋਲ ਚੋਣ ਕਮਿਸ਼ਨ ਵੱਲੋਂ ਜਾਰੀ ਕੀਤਾ ਵੋਟਰ ਕਾਰਡ ਨਹੀਂ ਹੈ ਤਾਂ ਹੁਣ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਲਈ ਕਮਿਸ਼ਨ ਨੇ 11 ਹੋਰ ਦਸਤਾਵੇਜ਼ਾਂ ਦਾ ਵਿਕਲਪ ਦਿੱਤਾ ਹੈ ਜੋ ਪਹਿਚਾਣ ਪੱਤਰ ਦਾ ਕੰਮ ਕਰਣਗੇ।
ਜ਼ਿਲ੍ਹਾਂ ਚੌਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਅਮਿਤ ਖੱਤਰੀ ਨੇ ਦੱਸਿਆ ਕਿ ਵੋਟਾਂ ਦੇ ਦਿਨ ਵੋਟਰ ਨੂੰ ਆਪਣੀ ਵੋਟ ਪਾਉਣ ਲਈ ਚੋਣ ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਫੋਟੋ ਨਾਲ ਪਹਿਚਾਣ ਪੱਤਰ ਦਿਖਾਉਣਾ ਹੋਵੇਗਾ। ਜੇਕਰ ਕਿਸੇ ਵੋਟਰ ਕੋਲ ਇਹ ਆਈਡੀ ਨਹੀਂ ਹੈ ਤਾਂ ਉਹ ਆਪਣਾ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪਬਲਿਕ ਲਿਮਿਟਡ ਕੰਪਨੀਆਂ ਵੱਲੋਂ ਜਾਰੀ ਪਹਿਚਾਣ-ਪੱਤਰ, ਬੈਂਕ – ਡਾਕਖਾਨੇ ਵੱਲੋਂ ਜਾਰੀ ਪਾਸਬੁੱਕ, ਪੈਨ ਕਾਰਡ, ਆਧਾਰ ਕਾਰਡ, ਜੌਬ ਕਾਰਡ, ਲੇਬਰ ਮੰਤਰਾਲੇ ਦੀ ਯੋਜਨਾ ਤਹਿਤ ਜਾਰੀ ਸਿਹਤ ਬੀਮਾ ਕਾਰਡ, ਪੈਨਸ਼ਨ ਦਸਤਾਵੇਜ਼ ਆਦਿ ਨੂੰ ਦਿਖਾ ਕੇ ਵੋਟ ਪਾ ਸਕਦੇ ਹਨ।
ਉੱਥੇ ਹੀ ਦੱਸ ਦੇਈਏ ਚੋਣ ਕਮਿਸ਼ਨ ਵੱਲੋਂ 19 ਅਕਤੂਬਰ ਤੋਂ 21 ਅਕਤੂਬਰ ਤੱਕ ਦੇਸ਼ ਭਰ ਵਿੱਚ ਐਗਜ਼ਿਟ ਪੋਲ ‘ਤੇ ਵੀ ਰੋਕ ਲਗਾਈ ਗਈ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਲੋਕ ਪ੍ਰਤਿਨਿੱਧੀ ਕਾਨੂੰਨ 1951 ਦੀ ਧਾਰਾ 126ਏ ਦੇ ਅਨੁਸਾਰ 19 ਅਕਤੂਬਰ ਸ਼ਾਮ 6 : 30 ਵਜੇ ਤੋਂ ਲੈ ਕੇ 21 ਅਕਤੂਬਰ ਸ਼ਾਮ 6 : 30 ਵਜੇ ਤੱਕ ਕੋਈ ਵੀ ਐਗਜ਼ਿਟ ਪੋਲ ਨੂੰ ਪ੍ਰਸਾਰਿਤ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਕੋਈ ਪ੍ਰਿੰਟ ਜਾਂ ਇਲੈਕਟਰਾਨਿਕ ਮੀਡਿਆ ਤੇ ਨਾ ਹੀ ਹੋਰ ਕਿਸੇ ਵੀ ਸੰਚਾਰ ਸਾਧਨ ‘ਤੇ ਐਗਜ਼ਿਟ ਪੋਲ ਨੂੰ ਵਿਖਾਇਆ ਜਾ ਸਕਦਾ ਹੈ।